ਆਸਾ ਮਹਲਾ ੫ ॥
ਪੁਤਰੀ ਤੇਰੀ ਬਿਧਿ ਕਰਿ ਥਾਟੀ ॥
ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥

ਮੂਲੁ ਸਮਾਲਹੁ ਅਚੇਤ ਗਵਾਰਾ ॥
ਇਤਨੇ ਕਉ ਤੁਮ੍ਹ ਕਿਆ ਗਰਬੇ ॥੧॥ ਰਹਾਉ ॥

ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥
ਅਵਰ ਵਸਤੁ ਤੁਝ ਪਾਹਿ ਅਮਾਨ ॥੨॥

ਬਿਸਟਾ ਅਸਤ ਰਕਤੁ ਪਰੇਟੇ ਚਾਮ ॥
ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥

ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥
ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥

ਕਹੁ ਨਾਨਕ ਗੁਰ ਕਉ ਕੁਰਬਾਨੁ ॥
ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥

Sahib Singh
ਪੁਤਰੀ = ਪੁਤਲੀ, ਸਰੀਰ ।
ਬਿਧਿ ਕਰਿ = ਤਰੀਕੇ ਨਾਲ, ਸਿਆਣਪ ਨਾਲ ।
ਥਾਟੀ = ਬਣਾਈ ।
ਸਤਿ ਕਰਿ = ਸੱਚ ਕਰ ਕੇ ।੧ ।
ਮੂਲੁ = ਮੁੱਢ, ਜਿਸ ਤੋਂ ਪੈਦਾਇਸ਼ ਹੋਈ ਹੈ ।
ਅਚੇਤ = ਹੇ ਗ਼ਾਫ਼ਿਲ !
ਗਵਾਰਾ = ਹੇ ਮੂਰਖ !
ਇਤਨੇ ਕਉ = ਇਸ ਥੋੜੇ ਜਿਹੇ ਵਾਸਤੇ ।
ਕਿਆ ਗਰਬੇ = ਕੀਹ ਮਾਣ ਕਰਦਾ ਹੈਂ?।੧।ਰਹਾਉ ।
ਮਿਹਮਾਨੁ = ਪਰਾਹੁਣਾ ।
ਅਵਰ = ਹੋਰ, ਬਾਕੀ ਦੀ ।
ਪਾਹਿ = ਪਾਸ ।
ਅਮਾਨ = ਅਮਾਨਤ ।੨ ।
ਬਿਸਟਾ = ਵਿਸ਼ਟਾ, ਗੰਦ ।
ਅਸਤ = ਹੱਡੀਆਂ {ਅÔਿਥ} ।
ਰਕਤੁ = ਰੋਤ, ਲਹੂ ।
ਪਰੇਟੇ = ਲਪੇਟੇ ਹੋਏ ।
ਗੁਮਾਨ = ਅਹੰਕਾਰ ।੩ ।
ਪਾਕ = ਪਵਿੱਤ੍ਰ ।
ਨਾਪਾਕ = ਗੰਦਾ, ਅਪਵਿੱਤ੍ਰ ।੪ ।
ਕਉ = ਨੂੰ, ਤੋਂ ।
ਜਿਸ ਤੇ = ਜਿਸ ਗੁਰੂ ਪਾਸੋਂ, ਜਿਸ ਦੀ ਰਾਹੀਂ ।
ਪੁਰਖੁ = ਸਰਬ = ਵਿਆਪਕ ।੫ ।
    
Sahib Singh
ਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (-ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ ।
ਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ ?
।੧।ਰਹਾਉ ।
(ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ, (ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖਿ਼ਰ) ਮਿੱਟੀ ਹੋ ਜਾਣਾ ਹੈ ।੧ ।
(ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ ।
ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ ।੨ ।
(ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ ਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ ।੩ ।
ਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ ।
ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ ।੪ ।
ਹੇ ਨਾਨਕ! ਆਖ—(ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ ਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ ।੫।੧੪ ।
Follow us on Twitter Facebook Tumblr Reddit Instagram Youtube