ਆਸਾ ਮਹਲਾ ੫ ॥
ਜਉ ਮੈ ਕੀਓ ਸਗਲ ਸੀਗਾਰਾ ॥
ਤਉ ਭੀ ਮੇਰਾ ਮਨੁ ਨ ਪਤੀਆਰਾ ॥
ਅਨਿਕ ਸੁਗੰਧਤ ਤਨ ਮਹਿ ਲਾਵਉ ॥
ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥
ਮਨ ਮਹਿ ਚਿਤਵਉ ਐਸੀ ਆਸਾਈ ॥
ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥

ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥
ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥

ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥
ਓਇ ਭੀ ਜਾਨਉ ਕਿਤੈ ਨ ਲੇਖੈ ॥
ਪਤਿ ਸੋਭਾ ਅਰੁ ਮਾਨੁ ਮਹਤੁ ॥
ਆਗਿਆਕਾਰੀ ਸਗਲ ਜਗਤੁ ॥
ਗ੍ਰਿਹੁ ਐਸਾ ਹੈ ਸੁੰਦਰ ਲਾਲ ॥
ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥

ਬਿੰਜਨ ਭੋਜਨ ਅਨਿਕ ਪਰਕਾਰ ॥
ਰੰਗ ਤਮਾਸੇ ਬਹੁਤੁ ਬਿਸਥਾਰ ॥
ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥
ਮਨੁ ਨਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ ॥
ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥
ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥

ਖੋਜਤ ਖੋਜਤ ਸੁਨੀ ਇਹ ਸੋਇ ॥
ਸਾਧਸੰਗਤਿ ਬਿਨੁ ਤਰਿਓ ਨ ਕੋਇ ॥
ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥
ਪੂਰੀ ਆਸਾ ਮਨੁ ਤ੍ਰਿਪਤਾਇਆ ॥
ਪ੍ਰਭ ਮਿਲਿਆ ਤਾ ਚੂਕੀ ਡੰਝਾ ॥
ਨਾਨਕ ਲਧਾ ਮਨ ਤਨ ਮੰਝਾ ॥੪॥੧੧॥

Sahib Singh
ਜਉ = ਜਦੋਂ, ਜੇ ।
ਕੀਓ = ਕੀਤਾ ।
ਪਤੀਆਰਾ = ਪਤੀਜਿਆ, ਸੰਤੁਸ਼ਟ ਹੋਇਆ ।
ਸੁਗੰਧਤ = ਸੁਗੰਧੀਆਂ, ਖ਼ੁਸ਼ਬੋਆਂ ।
ਲਾਵਉ = ਮੈਂ ਲਾਉਂਦਾ ਹਾਂ ।
ਸਮਾਨਿ = ਬਰਾਬਰ ।
ਆਸਾਈ = ਆਸ ।
ਚਿਤਵਉ = ਮੈਂ ਚਿਤਵਦੀ ਹਾਂ ।
ਮਾਈ = ਹੇ ਮਾਂ ।੧ ।
ਧੀਰੈ = ਧੀਰਜ ਫੜਦਾ ।
ਬੈਰਾਗੁ = ਪ੍ਰੇਮ ।
ਹਿਰੈ = ਖਿੱਚ ਪਾ ਰਿਹਾ ਹੈ ।੧।ਰਹਾਉ ।
ਬਿਭੂਖਨ = ਗਹਣੇ ।
ਬਿਸੇਖੈ = ਉਚੇਚੇ ।
ਓਇ = {ਲਫ਼ਜ਼ ‘ਓਹੁ’ ਤੋਂ ਬਹੁ-ਵਚਨ} ।
ਪਤਿ = ਇਜ਼ਤ ।
ਮਹਤੁ = ਵਡਿਆਈ ।
ਸੁੰਦਰ = ਸੋਹਣਾ ।
ਲਾਲ = ਕੀਮਤੀ ।
ਪ੍ਰਭ ਭਾਵਾ = ਪ੍ਰਭ ਭਾਵਾਂ, ਜੇ ਪ੍ਰਭੂ ਨੂੰ ਚੰਗੀ ਲੱਗਾਂ ।
ਨਿਹਾਲ = ਖ਼ੁਸ਼ ।੨ ।
ਬਿੰਜਨ = ਸੁਆਦਲੇ ਖਾਣੇ ।
ਬਿਸਥਾਰ = ਖਿਲਾਰੇ ।
ਮਿਲਖ = ਜ਼ਮੀਨ ।
ਫੁਰਮਾਇਸਿ = ਹਕੂਮਤ ।
ਧ੍ਰਾਪੈ = ਰੱਜਦਾ ।
ਬਿਹਾਵੈ = ਲੰਘਦਾ ।੩ ।
ਸੋਇ = ਖ਼ਬਰ ।
ਮਸਤਕਿ = ਮੱਥੇ ਉਤੇ ।
ਤਿਨਿ = ਉਸ ਨੇ ।
ਪ੍ਰਭ ਮਿਲਿਆ = ਪ੍ਰਭੂ ਨੂੰ ਮਿਲਿਆ ।
ਡੰਝਾ = ਭੜਕੀ ।
ਮੰਝਾ = ਵਿਚ ।੪ ।
    
Sahib Singh
ਹੇ ਮਾਂ! ਮੈਂ ਕੀਹ ਕਰਾਂ ?
(ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ ।
ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ।੧।ਰਹਾਉ ।
ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ ।
ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ) ।
ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ (ਕਿ ਕਿਵੇਂ ਪ੍ਰਭੂ-ਪਤੀ ਮਿਲੇ), ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ।੧ ।
(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ—ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ ।
ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ), ਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ, ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ) ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ ।੨ ।
(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ, ਜੇ ਬਹੁਤ ਤ੍ਰਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ), ਜੇ ਰਾਜ ਮਿਲ ਜਾਏ, ਭੁਇˆ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ, ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ ।
(ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ)ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ ।
ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ ।੩ ।
ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ ਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ, ਉਸ ਦਾ ਮਨ ਰੱਜ ਗਿਆ ।
ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ ।੪।੧੧ ।
Follow us on Twitter Facebook Tumblr Reddit Instagram Youtube