ਆਸਾ ਮਹਲਾ ੫ ॥
ਅਰੜਾਵੈ ਬਿਲਲਾਵੈ ਨਿੰਦਕੁ ॥
ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥

ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥
ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥

ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥
ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥

Sahib Singh
ਅਰੜਾਵੈ = ਅੜਾਂਦਾ ਹੈ, ਉੱਚੀ ਉੱਚੀ ਰੋਂਦਾ ਹੈ, ਬਹੁਤ ਦੁੱਖੀ ਹੁੰਦਾ ਹੈ ।੧।ਰਹਾਉ ।
ਸੰਗੀ = ਸਾਥੀ ।
ਨਾਲੇ = ਆਪਣੇ ਨਾਲ ਹੀ ।
ਲਏ = ਲੈ ਕੇ ।
ਸਿਧਾਵੈ = (ਨਿੰਦਾ ਦੇ ਮੰਦ-ਕਰਮ ਵਲ) ਤੁਰ ਪੈਂਦਾ ਹੈ ।
ਅਣਹੋਦਾ = ਜਿਸ ਦੀ ਹੋਂਦ ਨਹੀਂ ।
ਅਜਗਰੁ = {ਅਜ—ਬੱਕਰਾ ।
ਗਰੁ = ਨਿਗਲਣ ਵਾਲਾ} ਅਜ਼ਦਹਾ, ਵੱਡਾ ਭਾਰਾ ਨਾਗ; ਬਹੁਤ ।
ਮਾਹਿ = ਵਿਚ ।
ਜਲਾਵੈ = ਸਾੜਦਾ ਹੈ ।੧ ।
ਕੈ ਦੁਆਰੈ = ਦੇ ਦਰ ਤੇ ।
ਜਿ = ਜੇਹੜਾ ਨਿਯਮ ।
ਬਿਤੀਤੈ = ਵਰਤਦਾ ਹੈ ।
ਆਖਿ = ਆਖ ਕੇ ।
ਬਿਗਸਾਵੈ = ਖ਼ੁਸ਼ ਰਹਿੰਦਾ ਹੈ ।੨ ।
    
Sahib Singh
(ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ ।
(ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ ।੧।ਰਹਾਉ ।
(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ) ।
ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ ।੧ ।
(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ, (ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ।
ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ ।੨।੧੦ ।
Follow us on Twitter Facebook Tumblr Reddit Instagram Youtube