ਆਸਾ ਮਹਲਾ ੫ ॥
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
ਨਹ ਦੇਖਿਓ ਰੂਪ ਰੰਗ ਸੀਂਗਾਰੋ ॥
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥

ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥

ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
ਆਂਗਨਿ ਮੇਰੈ ਸੋਭਾ ਚੰਦ ॥
ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥

ਬਸਤ੍ਰ ਹਮਾਰੇ ਰੰਗਿ ਚਲੂਲ ॥
ਸਗਲ ਆਭਰਣ ਸੋਭਾ ਕੰਠਿ ਫੂਲ ॥
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
ਦੁਸਟ ਦੂਤ ਕੀ ਚੂਕੀ ਕਾਨਿ ॥੩॥

ਸਦ ਖੁਸੀਆ ਸਦਾ ਰੰਗ ਮਾਣੇ ॥
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
ਕਹੁ ਨਾਨਕ ਜਉ ਪਿਰਹਿ ਸੀਗਾਰੀ ॥
ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥

Sahib Singh
ਬੀਚਾਰੋ = ਬੀਚਾਰਾ, ਵਿਚਾਰਿਆ ।
ਚਜ = ਸੁਚੱਜ ।
ਅਚਾਰ = ਆਚਾਰ, ਚੰਗਾ ਆਚਰਨ ।
ਬਿਧਿ = ਢੰਗ, ਤਰੀਕਾ, ਜਾਚ ।
ਜਾਨੀ = ਜਾਣੀ, ਸਿੱਖੀ ।
ਪਕਰਿ = ਫੜ ਕੇ ।
ਪਿ੍ਰਅ = ਪਿਆਰੇ ਨੇ ।
ਆਨੀ = ਲੈ ਆਂਦਾ ।੧ ।
ਬੋ ਸਖੀ = ਹੇ ਸਖੀ !
ਕੰਤਿ = ਕੰਤ ਨੇ ।
ਕੀਅਲੋ = ਕੀਤਾ ।
ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ ।
ਕਰੁ = ਹੱਥ {ਇਕ = ਵਚਨ} ।
ਮਸਤਕਿ = ਮੱਥੇ ਉਤੇ ।
ਧਾਰਿ = ਰੱਖ ਕੇ ।
ਅਜਾਨਾ = ਅੰਞਾਣ, ਮੂਰਖ ।੧।ਰਹਾਉ ।
ਸੁਹਾਗੁ = ਚੰਗਾ ਭਾਗ ।
ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ ।
ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ) ।
ਆਂਗਨਿ = (ਹਿਰਦਾ = ਰੂਪ) ਵੇਹੜੇ ਵਿਚ ।
ਨਿਸਿ = ਰਾਤ ।
ਬਾਸੁਰ = ਦਿਨ ।
ਸੰਗਿ = ਨਾਲ, ਸੰਗਤਿ ਵਿਚ ।੨ ।
ਰੰਗਿ ਚਲੂਲ = ਗੂੜ੍ਹੇ ਰੰਗ ਵਿਚ ।
ਸਗਲ = ਸਾਰੇ ।
ਆਭਰਣ = ਗਹਣੇ ।
ਕੰਠਿ = ਗਲ ਵਿਚ ।
ਪੇਖੀ = ਵੇਖੀ ।
ਦਿ੍ਰਸਟਿ = ਨਿਗਾਹ, ਨਜ਼ਰ ।
ਨਿਧਾਨ = ਖ਼ਜ਼ਾਨੇ ।
ਦੂਤ = ਵੈਰੀ ।
ਕਾਨਿ = ਕਾਣਿ, ਧੌਂਸ, ਦਬਾਉ ।੩ ।
ਸਦ = ਸਦਾ ।
ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ।
ਗਿ੍ਰਹ ਮਹਿ = (ਹਿਰਦੇ = ) ਘਰ ਵਿਚ ।
ਤਿ੍ਰਪਤਾਨੇ = ਸੰਤੋਖ ਆ ਗਿਆ ।
ਜਉ = ਜਦੋਂ ।
ਪਿਰਹਿ = ਪਿਰ ਨੇ, ਖਸਮ ਨੇ ।
ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ ।
ਸੰਗਿ = ਨਾਲ ।
ਥਿਰੁ = ਅਡੋਲ = ਚਿਤ ।੪ ।
    
Sahib Singh
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ, (ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ ।
ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ ?
।੧।ਰਹਾਉ ।
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਅੌਗੁਣ ਨਹੀਂ ਤੱਕਿਆ ।
ਉਸਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ, ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ ।
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ।੧ ।
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ, ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ ।
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ ।
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ।੨ ।
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ, ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ, ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ ।
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ।੩ ।
(ਹੇ ਸਹੇਲੀਏ! ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤਿ੍ਰਸਨਾ ਮੁੱਕ ਗਈ ਹੈ, ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ ।
ਹੇ ਨਾਨਕ! (ਆਖ—) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ।੪।੭ ।
Follow us on Twitter Facebook Tumblr Reddit Instagram Youtube