ਆਸਾ ਮਹਲਾ ੫ ॥
ਮਤਾ ਕਰਉ ਸੋ ਪਕਨਿ ਨ ਦੇਈ ॥
ਸੀਲ ਸੰਜਮ ਕੈ ਨਿਕਟਿ ਖਲੋਈ ॥
ਵੇਸ ਕਰੇ ਬਹੁ ਰੂਪ ਦਿਖਾਵੈ ॥
ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥

ਧੁਰ ਕੀ ਭੇਜੀ ਆਈ ਆਮਰਿ ॥
ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥

ਜਹ ਬੈਸਉ ਤਹ ਨਾਲੇ ਬੈਸੈ ॥
ਸਗਲ ਭਵਨ ਮਹਿ ਸਬਲ ਪ੍ਰਵੇਸੈ ॥
ਹੋਛੀ ਸਰਣਿ ਪਇਆ ਰਹਣੁ ਨ ਪਾਈ ॥
ਕਹੁ ਮੀਤਾ ਹਉ ਕੈ ਪਹਿ ਜਾਈ ॥੩॥

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥

ਘਰੁ ਮੇਰਾ ਇਹ ਨਾਇਕਿ ਹਮਾਰੀ ॥
ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥

Sahib Singh
ਮਤਾ = ਸਲਾਹ, ਫ਼ੈਸਲਾ ।
ਸੀਲ = ਮਿੱਠਾ ਸੁਭਾਉ ।
ਸੰਜਮ = ਵਿਕਾਰਾਂ ਵਲੋਂ ਬਚਣ ਦਾ ਜਤਨ ।
ਨਿਕਟਿ = ਨੇੜੇ ।
ਗਿ੍ਰਹਿ = ਹਿਰਦੇ = ਘਰ ਵਿਚ ।੧ ।
ਨਾਇਕਿ = ਮਾਲਿਕਾ ।
ਕਰਉ = ਮੈਂ ਕਰਦਾ ਹਾਂ ।
ਉਰਝਾਇ ਪਰੇਵੈ = ਹੋਰ ਉਲਝਣਾਂ ਵਿਚ ਪਾ ਦੇਂਦੀ ਹੈ ।੧।ਰਹਾਉ ।
ਆਮਰਿ = ਆਲਿਮ, ਕਾਰਿੰਦੀ ।
ਥਨੰਤਰ = ਥਾਨ ਅੰਤਰ, ਹੋਰ ਹੋਰ ਥਾਂ ।
ਤਟਿ = ਨਦੀ ਦੇ ਕੰਢੇ ਉਤੇ ।
ਤੀਰਥਿ = ਤੀਰਥ ਉਤੇ ।੨ ।
ਜਹ = ਜਿਥੇ ।
ਬੈਸਉ = ਮੈਂ ਬੈਠਦਾ ਹਾਂ ।
ਸਬਲ = ਬਲ ਵਾਲੀ ।
ਪ੍ਰਵੇਸੈ = ਜਾ ਵੜਦੀ ਹੈ ।
ਹੋਛੀ = ਕਮਜ਼ੋਰ ।
ਕੈ ਪਹਿ = ਕਿਸ ਦੇ ਪਾਸ ?
    ।੩ ।
ਗੁਰਿ = ਗੁਰੂ ਨੇ ।
ਮੋਹਿ = ਮੈਨੂੰ ।
ਦਿ੍ਰੜਾਇਆ = ਪੱਕਾ ਕਰਾਇਆ ।
ਘਰਿ = ਘਰ ਵਿਚ ।
ਅਚਿੰਤਾ = ਚਿੰਤਾ = ਰਹਿਤ ।੪ ।
ਦਰਬਾਰੀ = ਹਜ਼ੂਰੀ ਵਿਚ ਰਹਿਣ ਵਾਲਾ ।
ਹਮ = ਮੈਨੂੰ ।
ਆਮਰਿ = ਸੇਵਿਕਾ ।
    ਰਹਾਉ ਦੂਜਾ ।
    
Sahib Singh
(ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ) ।
ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ।੧।ਰਹਾਉ ।
(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ, ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ) ।
(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ, ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ।੧ ।
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ, (ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ, ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ ।
ਸਿੰਮਿ੍ਰਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ।੧ ।
ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ, ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ, ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ ।
ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ।੩ ।
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ, ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ ।
(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ ।
ਹੇ ਨਾਨਕ! (ਆਖ—ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ।੪ ।
(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ, ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ।੧ ।
ਰਹਾਉ ਦੂਜਾ ।੪।੪ ।
Follow us on Twitter Facebook Tumblr Reddit Instagram Youtube