ਆਸਾ ਮਹਲਾ ੫ ॥
ਨਿਜ ਭਗਤੀ ਸੀਲਵੰਤੀ ਨਾਰਿ ॥
ਰੂਪਿ ਅਨੂਪ ਪੂਰੀ ਆਚਾਰਿ ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥
ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥

ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥
ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥

ਜਿਚਰੁ ਵਸੀ ਪਿਤਾ ਕੈ ਸਾਥਿ ॥
ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
ਕਰਿ ਸੇਵਾ ਸਤ ਪੁਰਖੁ ਮਨਾਇਆ ॥
ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
ਆਗਿਆਕਾਰੀ ਸੁਘੜ ਸਰੂਪ ॥
ਇਛ ਪੂਰੇ ਮਨ ਕੰਤ ਸੁਆਮੀ ॥
ਸਗਲ ਸੰਤੋਖੀ ਦੇਰ ਜੇਠਾਨੀ ॥੩॥

ਸਭ ਪਰਵਾਰੈ ਮਾਹਿ ਸਰੇਸਟ ॥
ਮਤੀ ਦੇਵੀ ਦੇਵਰ ਜੇਸਟ ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

Sahib Singh
ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ ।
ਸੀਲ = ਮਿੱਠਾ ਸੁਭਾਉ ।
ਨਾਰਿ = ਇਸਤ੍ਰੀ ।
ਰੂਪਿ = ਰੂਪ ਵਿਚ ।
ਅਨੂਪ = ਉਪਮਾ = ਰਹਿਤ, ਬੇਮਿਸਾਲ ।
ਆਚਾਰਿ = ਆਚਾਰ ਵਿਚ, ਆਚਰਨ ਵਿਚ ।
ਜਿਤੁ = ਜਿਸ ਵਿਚ ।
ਗਿ੍ਰਹਿ = ਹਿਰਦੇ = ਘਰ ਵਿਚ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੧ ।
ਸੁਕਰਣੀ = ਸ੍ਰੇਸ਼ਟ ਕਰਣੀ ।
ਕਾਮਣਿ = ਇਸਤ੍ਰੀ ।
ਮਿਲਿ = ਮਿਲ ਕੇ ।
ਜਜਿ = ਜੱਗ ਵਿਚ ।
ਕਾਜਿ = ਵਿਆਹ ਵਿਚ ।
ਪਰਥਾਇ = ਹਰ ਥਾਂ ।੧।ਰਹਾਉ ।
ਜਿਚਰੁ = ਜਿਤਨਾ ਚਿਰ ।
ਪਿਤਾ = (ਭਾਵ) ਗੁਰੂ ।
ਕੰਤੁ = ਜੀਵ ।
ਫਿਰੈ ਉਦਾਸਿ = ਭਟਕਦਾ ਫਿਰਦਾ ਹੈ ।
ਸਤਪੁਰਖੁ = ਅਕਾਲ = ਪੁਰਖ, ਪਰਮਾਤਮਾ ।
ਗੁਰਿ = ਗੁਰੂ ਨੇ ।
ਆਣੀ = ਲਿਆ ਦਿੱਤੀ ।੨ ।
ਬਤੀਹ ਸੁਲਖਣੀ = (ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ) ਬੱਤੀ ਚੰਗੇ ਲੱਛਣਾਂ ਵਾਲੀ ।
ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ।
ਸੰਤਤਿ = ਸੰਤਾਨ ।
ਸੁਘੜ = ਸੁਚੱਜੀ ।
ਸਰੂਪ = ਸੁੰਦਰ ।
ਇਛ ਮਨ ਕੰਤ = ਕੰਤ ਦੇ ਮਨ ਦੀ ਇੱਛਾ ।
ਸੰਤੋਖੀ = ਸੰਤੋਖ ਦੇਂਦੀ ਹੈ ।
ਦੇਰ ਜਿਠਾਣੀ = ਦਿਰਾਣੀ ਜਿਠਾਣੀ ।
(ਆਸਾ = ਤ੍ਰਿਸ਼ਨਾ) ਨੂੰ ।੩ ।
ਸਰੇਸਟ = ਉੱਤਮ ।
ਮਤੀ = {ਲਫ਼ਜ਼ ‘ਮਤਿ’ ਤੋਂ ਬਹੁ-ਵਚਨ} ਮੱਤਾਂ ।
ਦੇਵੀ = ਦੇਣ ਵਾਲੀ ।
ਦੇਵਰ ਜੇਸਟ = ਦਿਉਰਾਂ ਜੇਠਾਂ (ਗਿਆਨ-ਇੰਦਿ੍ਰਆਂ) ਨੂੰ ।
ਸੁਖਿ = ਸੁਖ ਵਿਚ ।
ਵਿਹਾਇ = ਬੀਤਦੀ ਹੈ ।੪ ।
    
Sahib Singh
(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ।੧।ਰਹਾਉ ।
ਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ (ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ ।
ਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ, ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ।੧ ।
(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ ।
ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ, ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ।੨ ।
(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ, (ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ ।
ਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ, ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤ੍ਰਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ।੩।(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ, ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦਿ੍ਰਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ) ।
ਹੇ ਦਾਸ ਨਾਨਕ! (ਆਖ—) ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ, (ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ।੪।੩ ।
Follow us on Twitter Facebook Tumblr Reddit Instagram Youtube