ਆਸਾ ਮਹਲਾ ੫ ॥
ਸਸੂ ਤੇ ਪਿਰਿ ਕੀਨੀ ਵਾਖਿ ॥
ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥
ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥
ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥
ਦੁਤੀਆ ਤਿਆਗੀ ਲੋਗਾ ਰੀਤਿ ॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥
ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥

ਸਹਜ ਗੁਫਾ ਮਹਿ ਆਸਣੁ ਬਾਧਿਆ ॥
ਜੋਤਿ ਸਰੂਪ ਅਨਾਹਦੁ ਵਾਜਿਆ ॥
ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥

ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥
ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥
ਜਨਮਿ ਨ ਮਰੈ ਨ ਆਵੈ ਨ ਜਾਇ ॥
ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥

Sahib Singh
ਸਸੂ ਤੇ = ਸੱਸ ਤੋਂ {ਲਫ਼ਜ਼ ‘ਸਸੁ’ ੁ ਅੰਤ ਹੈ, ਪਰ ਇਸਤ੍ਰੀ ਲਿੰਗ ਹੈ ।
    ਸੰਸਕ੍ਰਿਤ ਲਫ਼ਜ਼ ਹੈ Ôਵœੁ ।
    ਸੰਬੰਧਕ ਦੇ ਕਾਰਨ ੁ ਦੇ ਥਾਂ ੂ ਹੋ ਜਾਂਦਾ ਹੈ; ਜਿਵੇਂ, ‘ਖਾਕ’ ਤੋਂ ‘ਖਾਕੂ’, ‘ਜਿੰਦੁ’ ਤੋਂ ‘ਜਿੰਦੂ’} ਸਸੁ—ਅਗਿਆਨਤਾ ।
ਪਿਰਿ = ਪਿਰ ਨੇ ।
ਵਾਖਿ = ਵੱਖ ।
ਦੇਰ ਜਿਠਾਣੀ = ਦਿਰਾਣੀ ਜਿਠਾਣੀ; ਆਸਾ ਤ੍ਰਿਸ਼ਨਾ ।
ਜਿਠੇਰਾ = ਧਰਮ = ਰਾਜ ।
ਕਾਣਿ = ਧੌਂਸ ।
ਸੁਜਾਣਿ = ਸੁਜਾਨ ਨੇ ।੧ ।
ਦੁਰਜਨ = ਭੈੜੇ ਬੰਦੇ, ਮੰਦੇ ਭਾਵ ।
ਸੰਘਾਰੇ = ਮਾਰ ਲਏ ਹਨ ।
ਸਤਿਗੁਰਿ = ਗੁਰੂ ਨੇ ।੧।ਰਹਾਉ।ਪ੍ਰਥਮੈ—ਪਹਿਲਾਂ ।
ਲੋਗਾ ਰੀਤਿ = ਲੋਕ ਲਾਜ, ਜਗਤ-ਚਾਲ, ਲੋਕਾਚਾਰੀ ਰਸਮਾਂ ।
ਸਮਾਨੇ = ਇਕੋ ਜਿਹੇ ।
ਤੁਰੀਆ = ਚੌਥਾ ਪਦ ਜਿਥੇ ਮਾਇਆ ਦੇ ਗੁਣ ਪੋਹ ਨਹੀਂ ਸਕਦੇ ।
ਸਾਧ = ਗੁਰੂ ।੨ ।
ਸਹਜ = ਆਤਮਕ ਅਡੋਲਤਾ ।
ਬਾਧਿਆ = ਬੰਨਿ੍ਹਆ, ਬਣਾਇਆ ।
ਜੋਤਿ ਸਰੂਪ = ਉਹ ਜਿਸ ਦੀ ਹਸਤੀ ਨੂਰ ਹੀ ਨੂਰ ਹੈ ।
ਅਨਾਹਦੁ = {ਅਨਹਤ} ਬਿਨਾ ਵਜਾਏ, ਇਕ-ਰਸ, ਉਹ ਰਾਗ ਜੋ ਸਾਜ ਨੂੰ ਵਜਾਣ ਤੋਂ ਬਿਨਾ ਪੈਦਾ ਹੋ ਰਿਹਾ ਹੋਵੇ ।
ਵੀਚਾਰਿ = ਵਿਚਾਰ ਕੇ ।
ਧਨ = ਧੰਨ, ਭਾਗਾਂ ਵਾਲੀ ।
ਨਾਰਿ = ਇਸਤ੍ਰੀ ।
ਸੋਹਾਗਣਿ = ਸੁਹਾਗ ਵਾਲੀ ।੩ ।
ਬ੍ਰਹਮ ਬੀਚਾਰੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ ।੪ ।
    
Sahib Singh
ਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ, ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ।੧ ।
(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ-) ਸੱਸ ਤੋਂ ਵੱਖ ਕਰ ਲਿਆ ਹੈ, ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ) ।
(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ ।
ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ।੧ ।
(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ, ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ, ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ ।
ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ।੨ ।
(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ ।
ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ ।
ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ ।
ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ ।
(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ।੩ ।
(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ ।
ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ।੪।੨ ।
Follow us on Twitter Facebook Tumblr Reddit Instagram Youtube