ਰਾਗੁ ਆਸਾ ਘਰੁ ੨ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥
ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥
ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥
ਹਮ ਆਈ ਵਸਗਤਿ ਗੁਰ ਪਰਸਾਦੇ ॥੧॥

ਐਸਾ ਦੇਖਿ ਬਿਮੋਹਿਤ ਹੋਏ ॥
ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥

ਇਕਿ ਫਿਰਹਿ ਉਦਾਸੀ ਤਿਨ੍ਹ ਕਾਮਿ ਵਿਆਪੈ ॥
ਇਕਿ ਸੰਚਹਿ ਗਿਰਹੀ ਤਿਨ੍ਹ ਹੋਇ ਨ ਆਪੈ ॥
ਇਕਿ ਸਤੀ ਕਹਾਵਹਿ ਤਿਨ੍ਹ ਬਹੁਤੁ ਕਲਪਾਵੈ ॥
ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥

ਤਪੁ ਕਰਤੇ ਤਪਸੀ ਭੂਲਾਏ ॥
ਪੰਡਿਤ ਮੋਹੇ ਲੋਭਿ ਸਬਾਏ ॥
ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥
ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥

ਗਿਆਨੀ ਕੀ ਹੋਇ ਵਰਤੀ ਦਾਸਿ ॥
ਕਰ ਜੋੜੇ ਸੇਵਾ ਕਰੇ ਅਰਦਾਸਿ ॥
ਜੋ ਤੂੰ ਕਹਹਿ ਸੁ ਕਾਰ ਕਮਾਵਾ ॥
ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥

Sahib Singh
ਖਾਇਆ = ਖਾਧਾ ਜਾਂਦਾ ਹੈ ।
ਸੁਖਿ = ਸੁਖ ਨਾਲ, ਆਦਰ ਨਾਲ ।
ਦੇਖਿ = ਵੇਖ ਕੇ ।
ਬਿਬਾਦੇ = ਝਗੜਦੇ ਹਨ ।
ਹਮ ਵਸਗਤਿ = ਸਾਡੇ ਵੱਸ ਵਿਚ ।
ਪਰਸਾਦੇ = ਪਰਸਾਦਿ, ਕਿਰਪਾ ਨਾਲ ।੧ ।
ਬਿਮੋਹਿਤ = ਮਸਤ ।
ਸਾਧਿਕ = ਸਾਧਨਾ ਕਰਨ ਵਾਲੇ ।
ਸੁਰ = ਦੇਵਤੇ ।
ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਸਾਧੂ = ਗੁਰੂ ।
ਸਭਿ = ਸਾਰੇ ।
ਧ੍ਰੋਹਨਿ = ਠਗਣੀ (ਮਾਇਆ) ਨੇ ।
ਧ੍ਰੋਹੇ = ਠੱਗ ਲਏ ।੧।ਰਹਾਉ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਕਾਮਿ = ਕਾਮ = ਵਾਸਨਾ ਦੀ ਰਾਹੀਂ ।
ਵਿਆਪੈ = ਕਾਬੂ ਕਰ ਲੈਂਦੀ ਹੈ ।
ਸੰਚਹਿ = ਇਕੱਠੀ ਕਰਦੇ ਹਨ ।
ਆਪੈ = ਆਪਣੀ ।
ਸਤੀ = ਦਾਨੀ ।
ਕਲਪਾਵੈ = ਦੁੱਖੀ ਕਰਦੀ ਹੈ ।
ਪਾਵੈ = ਪੈਰੀਂ ।੨ ।
ਭੁਲਾਏ = ਕੁਰਾਹੇ ਪਾ ਦਿੱਤੇ ।
ਲੋਭਿ = ਲੋਭ ਵਿਚ ।
ਸਬਾਏ = ਸਾਰੇ ।
ਆਕਾਸੁ = (ਭਾਵ), ਆਕਾਸ਼ = ਵਾਸੀ, ਦੇਵਤੇ ।੩ ।
ਦਾਸਿ = ਦਾਸੀ ।
ਕਰ = ਹੱਥ ।
ਕਮਾਵਾ = ਕਮਾਵਾਂ ।੪ ।
    
Sahib Singh
ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ—ਇਹ ਸਾਰੇ (ਮਾਇਆ ਨੂੰ) ਵੇਖ ਕੇ ਬਹੁਤ ਮਸਤ ਹੋ ਜਾਂਦੇ ਹਨ ।
ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇਜਾਂਦੇ ਹਨ ।੧।ਰਹਾਉ ।
ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ) ।
ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ ।
ਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ ।
ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ ।੧ ।
ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ ।
ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ ।
ਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ ।੨ ।
ਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ ।
ਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ ।
ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ ।
ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ ।੩ ।
ਹੇ ਦਾਸ ਨਾਨਕ! (ਆਖ—) ਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ, ਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ (ਤੇ ਆਖਦੀ ਹੈ—) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ, ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ।੪।੧ ।

ਨੋਟ: ਅੰਕ ੧ ਦੱਸਦਾ ਹੈ ਕਿ ਮਹਲਾ ੫ ਦਾ ਇਹ ਪਹਿਲਾ ਸ਼ਬਦ ਹੈ ।
Follow us on Twitter Facebook Tumblr Reddit Instagram Youtube