ਆਸਾ ਮਹਲਾ ੪ ॥
ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥

ਮੇਰੈ ਮਨਿ ਐਸੀ ਭਗਤਿ ਬਨਿ ਆਈ ॥
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥

ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥
ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥

ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥
ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹਾਰੈ ॥੩॥

ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥

Sahib Singh
ਕਬ = ਕਦੋਂ, ਕਿਉਂ ?
ਕੋ = ਕੋਈ ।
ਭਾਲੈ = ਲੱਭੇ ।
ਆਵਤ ਜਾਤ = ਆਉਂਦਿਆਂ ਜਾਂਦਿਆਂ ।
ਬਾਰ = ਚਿਰ ।
ਖਿਨੁ = ਘੜੀ ਪਲ ।
ਹਉ = ਮੈਂ ।
ਤਬ ਲਗੁ = ਉਤਨਾ ਚਿਰ ।
ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਯਾਦ ਕਰਦਾ ਹਾਂ ।੧ ।
ਮਨਿ = ਮਨ ਵਿਚ ।
ਮੀਨੁ = ਮੱਛ, ਮੱਛੀ ।੧।ਰਹਾਉ ।
ਪੰਚ = ਪੰਜ ਤਾਰਾਂ ।
ਸਤ = ਸੱਤ ਸੁਰਾਂ ।
ਚਸਾ = ਥੋੜਾ ਕੁ ਸਮਾ ।੨ ।
ਪਾਵ = {ਲਫ਼ਜ਼ ‘ਪਾਉ’ ਤੋਂ ਬਹੁ-ਵਚਨ} ਪੈਰ ।
ਪਸਾਰੈ = ਖਿਲਾਰੇ ।
ਬਿਲਮੁ = ਦੇਰ ।
ਸਮ@ਾਰੈ = ਸੰਭਾਲਦਾ ਹੈ ।੧ ।
ਕਉ = ਨੂੰ ।
ਪਤੀਆਵੈ = ਯਕੀਨ ਦਿਵਾਏ ।
ਲੋਕਿ ਪਤੀਣੈ = ਜੇ ਜਗਤ ਪਤੀਜ ਭੀ ਜਾਏ ।
ਪਤਿ = ਇੱਜ਼ਤ ।
ਜੈ ਜੈ = ਆਦਰ = ਸਤਕਾਰ ।
ਸਭੁ ਕੋਇ = ਹਰੇਕ ਜੀਵ ।੪ ।
    
Sahib Singh
ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ ?
(ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ), ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ ?
(ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ ।
ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ ।੧ ।
(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ)ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ।੧।ਰਹਾਉ ।
(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ ?
ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ ?
ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ ।
ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ।੨ ।
(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ ?
(ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ ?
ਕਿਉਂ ਕੋਈ ਹੱਥ ਖਿਲਾਰੇ ?
ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ ।
ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ ।੩ ।
(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ ?
ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ ।
ਹੇ ਦਾਸ ਨਾਨਕ! (ਆਖ—ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤ੍ਰਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ ।੪।੧੦।੬੨ ।
Follow us on Twitter Facebook Tumblr Reddit Instagram Youtube