ੴ ਸਤਿਗੁਰ ਪ੍ਰਸਾਦਿ ॥
ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥

ਜੋਗੀ ਹਰਿ ਦੇਹੁ ਮਤੀ ਉਪਦੇਸੁ ॥
ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥

ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥
ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥

ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥
ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥

ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥

Sahib Singh
ਘਰੁ ੬ ਕੇ ੩ = ਘਰ ਛੇਵੇਂ ਦੇ ਤਿੰਨ ਸ਼ਬਦ (ਨੰ: ੯, ੧੦ ਅਤੇ ੧੧) ।
ਹਥਿ = ਹੱਥ ਵਿਚ ।
ਕਰਿ = ਕਰ ਕੇ, (ਕਿੰਗੁਰੀ) ਫੜ ਕੇ ।
ਤੰਤੁ = ਤਾਰ ।
ਥੋਥਰ = ਖ਼ਾਲੀ, ਵਿਅਰਥ, ਬੇ-ਅਸਰ ।
ਬੇਨ = ਬੀਣਾ, ਕਿੰਗੁਰੀ ।
ਜੋਗੀ = ਹੇ ਜੋਗੀ !
ਰੰਗਿ = ਰੰਗ ਵਿਚ ।
ਭੇਨ = ਭਿੱਜ ਜਾਏ ।੧ ।
ਮਤੀ = ਮਤਿ, ਅਕਲ ।
ਏਕੋ = ਇੱਕ ਹੀ, ਆਪ ਹੀ ।
ਵਰਤੈ = ਮੌਜੂਦ ਰਹਿੰਦਾ ਹੈ ।
ਹਮ = ਸਾਡੀ ।
ਆਦੇਸੁ = ਨਮਸਕਾਰ ।੧।ਰਹਾਉ ।
ਗਾਵਹਿ = ਗਾਂਦੇ ਹਨ ।
ਭਾਤਿ ਬਹੁ = ਕਈ ਤਰੀਕਿਆਂ ਨਾਲ ।
ਖੇਲ = ਖੇਡਾਂ ।
ਜੋਵਹਿ = ਜੋਂਦੇ ਹਨ ।
ਕੂਪ = ਖੂਹ ।
ਸਿੰਚਨ ਕਉ = ਸਿੰਜਣ ਵਾਸਤੇ ।
ਬਸੁਧਾ = ਧਰਤੀ ।
ਉਠਿ = ਉੱਠ ਕੇ ।੨ ।
ਕਾਇਆ = ਸਰੀਰ ।
ਕਰਮ ਹਰਿ = ਹਰਿ = ਨਾਮ-ਸਿਮਰਨ ਦੇ ਕੰਮ ।
ਬੋਵਹੁ = ਬੀਜੋ ।
ਜਾਮੈ = ਜੰਮਦਾ ਹੈ, ਉੱਗਦਾ ਹੈ ।
ਅਸਥਿਰੁ = ਅਡੋਲ, ਟਿਕਿਆ ਹੋਇਆ ।
ਜੇਤੁ = ਜਿਤੁ, ਜਿਸ ਮਨ = ਬੈਲ ਦੀ ਰਾਹੀਂ ।੩ ।
ਜੰਗਮ = ਜੋਗੀਆਂ ਦਾ ਇਕ ਫ਼ਿਰਕਾ ।
    ਇਹ ਕੰਨਾਂ ਵਿਚ ਪਿੱਤਲ ਦੇ ਫੁੱਲ ਪਾਂਦੇ ਹਨ ।
    ਸਿਰ ਉਤੇ ਮੋਰ ਦੇ ਖੰਭ ਟੁੰਗਦੇ ਹਨ ਤੇ ਸੱਪ ਦੀ ਸ਼ਕਲ ਦੀ ਕਾਲੀ ਰੱਸੀ ਲਪੇਟ ਰੱਖਦੇ ਹਨ ।
ਤਿਤੁ = ਉਸ ਪਾਸੇ ।
ਚੇਲ = ਚੱਲਦੀ ਹੈ ।
ਪੇਲ = ਪੇਲਿ, ਪ੍ਰੇਰ ਕੇ ।੪ ।
    
Sahib Singh
ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ ।
ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ ।
ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ ।੧।ਰਹਾਉ ।
ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ) ।
ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤ੍ਰਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ ।੧ ।
ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ (ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ ।੨।(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ ।
(ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ ।੩ ।
(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸਿ੍ਰਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸਿ੍ਰਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ ।
ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ।੪।੯।੬੧ ।
Follow us on Twitter Facebook Tumblr Reddit Instagram Youtube