ਆਸਾ ਮਹਲਾ ੪ ॥
ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥
ਫਲ ਲਾਗੇ ਹਰਿ ਰਸਕ ਰਸਾਈ ॥੧॥

ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥
ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥

ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥
ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥

ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥
ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥

ਜੇ ਵਡ ਭਾਗ ਹੋਵਹਿ ਵਡ ਊਚੇ ॥
ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥

Sahib Singh
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ।
ਵਧਾਈ = ਪਾਲ ਕੇ ਵੱਡੀ ਕੀਤੀ ।
ਹਰਿ ਰਸਕ = ਹਰਿ = ਨਾਮ ਦੇ ਰਸੀਏ ।
ਰਸਾਈ = ਰਸ ਦੇਣ ਵਾਲੇ, ਸੁਆਦਲੇ ।੧ ।
ਹਰਿ ਅਨਤ ਤਰੰਗਾ = ਬੇਅੰਤ ਲਹਰਾਂ ਦਾ ਮਾਲਕ ਹਰੀ ।
ਅਨਤ = ਅਨੰਤ, ਬਿਅੰਤ ।
ਤਰੰਗ = ਲਹਰਾਂ ।
ਸਾਲਾਹੀ = ਸਿਫ਼ਤਿ = ਸਾਲਾਹ ਕਰ ।
ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ ।
ਜਮ ਕੰਕਰ = {ਕਿੰਕਰ—ਨੌਕਰ} ਜਮਦੂਤ ।
ਭੁਇਅੰਗਾ = ਸੱਪ ।੧।ਰਹਾਉ ।
ਮਹਿ = ਵਿਚ ।
ਤੁਠਾ = ਪ੍ਰਸੰਨ ।
ਸਿਖ = ਸਿੱਖ ਨੂੰ, ਸਿਖਾਂ ਨੂੰ ।
ਭਾਈ = ਹੇ ਭਾਈ !
    ।੨ ।
ਬਿਧਿ = ਤਰੀਕਾ ।
ਕੁੰਚਰੁ = ਹਾਥੀ ।
ਨਾਈ = ਨ੍ਹਾ ਕੇ ।
ਸਿਰਿ = ਸਿਰ ਉਤੇ ।੩ ।
ਹੋਵਹਿ = ਹੋ ਜਾਣ ।
ਜਪਹਿ = ਜਪਦੇ ਹਨ ।
ਸਚਿ = ਸਦਾ = ਥਿਰ ਪ੍ਰਭੂ ਵਿਚ (ਜੁੜ ਕੇ) ।
ਸੁਚੇ = ਪਵਿਤ੍ਰ ।੪ ।
ਅਰਥ = (ਹੇ ਭਾਈ !
ਜਗਤ ਦੇ ਅਨੇਕਾਂ ਜੀਆ = ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ ।
    ਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ ।
    (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ ।
    ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ।੧।ਰਹਾਉ ।
    (ਹੇ ਭਾਈ !
    ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ, (ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ ।੧ ।
    ਹੇ ਮੇਰੇ ਭਾਈ !
    ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ, ਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ ।੨ ।
    (ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ (ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ।੩ ।
    ਹੇ ਨਾਨਕ !
    ਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ (ਇਸ ਤ੍ਰਹਾਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ ।੪।੭।੫੯।ਆਸਾ ਮਹਲਾ ੪ ॥ ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥ ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥ ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥ ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥ ਨਾਮੋ ਨਾਮੁ ਸੁਣੀ ਮਨੁ ਸਰਸਾ ॥ ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥ ਨਾਮ ਬਿਨਾ ਕੁਸਟੀ ਮੋਹ ਅੰਧਾ ॥ ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥ ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥ ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥{ਪੰਨਾ ੩੬੭} ਮਨਿ—ਮਨ ਵਿਚ ।
ਨਾਮਿ ਸੁਨਿਐ = ਜੇ ਹਰਿ = ਨਾਮ ਸੁਣਦੇ ਰਹੀਏ ।
ਤਿ੍ਰਪਤੈ = ਰਜ ਜਾਂਦਾ ਹੈ ।
ਭਾਈ = ਹੇ ਵੀਰ !
    ।੧ ।
ਨਾਮੇ = ਨਾਮ ਵਿਚ ਹੀ ।
ਮਨਿ = ਮਨ ਵਿਚ ।੧।ਰਹਾਉ ।
ਨਾਮੋ ਨਾਮੁ = ਨਾਮ ਹੀ ਨਾਮ ।
ਸੁਣੀ = ਸੁਣ ਸੁਣ ਕੇ ।
ਸਰਸਾ = {ਸ = ਰਸ} ਹਰਾ, ਜੀਵਨ-ਰਸ ਵਾਲਾ ।
ਲਾਹਾ = ਲਾਭ ।
ਬਿਗਸਾ = ਖਿੜ ਪੈਂਦਾ ਹੈ ।੨ ।
ਕੁਸਟੀ = ਕੋਹੜਾ ।
ਨਿਹਫਲ = ਵਿਅਰਥ ।
ਧੰਧਾ = ਮਾਇਆ ਦਾ ਜੰਜਾਲ ।੩ ।
ਜਸੁ = ਸਿਫ਼ਤਿ = ਸਾਲਾਹ ।
ਨਾਮਿ = ਨਾਮ ਵਿਚ ।
ਲਿਵ = ਲਗਨ ।੪ ।
    
Sahib Singh
ਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ ।
ਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ ।੧।ਰਹਾਉ ।
ਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ (ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ।੧ ।
(ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ ।
ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ ।੨ ।
(ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ ।
ਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ ।੩ ।
ਹੇ ਨਾਨਕ! ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ।੪।੮।੬੦ ।
Follow us on Twitter Facebook Tumblr Reddit Instagram Youtube