ਆਸਾ ਮਹਲਾ ੪ ॥
ਗੁਣ ਗਾਵਾ ਗੁਣ ਬੋਲੀ ਬਾਣੀ ॥
ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥

ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥
ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥

ਹਰਿ ਗੁਣ ਗਾਵੈ ਹਰਿ ਜਨ ਲੋਗਾ ॥
ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥

ਗੁਣ ਵਿਹੂਣ ਮਾਇਆ ਮਲੁ ਧਾਰੀ ॥
ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥

ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥
ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥

Sahib Singh
ਗਾਵਾ = ਗਾਵਾਂ, ਮੈਂ ਗਾਂਦਾ ਹਾਂ ।
ਬੋਲੀ = ਬੋਲੀਂ, ਮੈਂ ਉਚਾਰਦਾ ਹਾਂ ।
ਗੁਣ ਬਾਣੀ = ਸਿਫ਼ਤਿ = ਸਾਲਾਹ ਦੀ ਬਾਣੀ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ।
ਆਖਿ = ਆਖ ਕੇ, ਉਚਾਰ ਕੇ ।
ਵਖਾਣੀ = ਵਖਾਣੀਂ, ਮੈਂ ਬਿਆਨ ਕਰਦਾ ਹਾਂ ।੧ ।
ਮਨਿ = ਮਨ ਵਿਚ ।
ਸਤਿ ਸਤਿ ਸਤਿ ਨਾਮੁ = ਸਤਿਨਾਮੁ, ਸਤਿਨਾਮੁ, ਸਤਿਨਾਮੁ ।
ਗੁਰਿ = ਗੁਰੂ ਨੇ ।
ਰਸਿ = ਰਸ ਨਾਲ, ਪ੍ਰੇਮ ਨਾਲ ।
ਗੁਣ ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ।੧।ਰਹਾਉ ।
ਨਿਰਜੋਗ = ਨਿਰਲੇਪ ।੨ ।
ਧਾਰੀ = ਧਾਰਨ ਵਾਲਾ ।
ਜਨਮਿ ਮੁਏ = ਜੰਮਦੇ ਮਰਦੇ ਰਹਿੰਦੇ ਹਨ ।੩ ।
ਸਰੀਰਿ = ਸਰੀਰ ਵਿਚ ।
ਸਰੋਵਰਿ = ਸਰੋਵਰ ਵਿਚ ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ ।
ਮਥਿ = ਰਿੜਕ ਕੇ, ਵਿਚਾਰ ਕੇ ।
ਤਤੁ = ਨਿਚੋੜ, ਅਸਲੀਅਤ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ।੧।ਰਹਾਉ ।
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ।੧ ।
(ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ ।੨ ।
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ ।
ਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ।੩ ।
(ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ ।
ਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ ।੪।੫।੫੭ ।
Follow us on Twitter Facebook Tumblr Reddit Instagram Youtube