ਆਸਾ ਮਹਲਾ ੪ ॥
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
ਗੁਰਬਾਣੀ ਹਰਿ ਅਲਖੁ ਲਖਾਇਆ ॥੧॥

ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥

ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥

ਦੂਜੈ ਭਾਇ ਭਵਹਿ ਬਿਖੁ ਮਾਇਆ ॥
ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥

ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥
ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥

Sahib Singh
ਹਿਰਦੈ = ਹਿਰਦੇ ਵਿਚ ।
ਸੁਣਿ ਸੁਣਿ = (ਗੁਰਬਾਣੀ) ਮੁੜ ਮੁੜ ਸੁਣ ਕੇ ।
ਮਨਿ = ਮਨ ਵਿਚ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਭਾਇਆ = ਪਿਆਰਾ ਲੱਗਾ ।
ਅਲਖੁ = ਅਦਿ੍ਰਸ਼ਟ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਮੇਰੀ ਭੈਨਾ = ਹੇ ਮੇਰੀ ਭੈਣੋ !
    ਹੇ ਸਤਸੰਗੀਹੋ !
ਏਕੋ = ਇਕ ਪ੍ਰਭੂ ਹੀ ।
ਘਟ = ਹਿਰਦਾ ।
ਮੁਖਿ = ਮੂੰਹ ਨਾਲ ।
ਗੁਰ ਬੈਨਾ = ਗੁਰੂ ਦੇ ਬਚਨ ।੧।ਰਹਾਉ ।
ਮੈ ਮਨਿ = ਮੇਰੇ ਮਨ ਵਿਚ ।
ਮੈ ਤਨਿ = ਮੇਰੇ ਤਨ ਵਿਚ ।
ਬੈਰਾਗੁ = ਲਗਨ ।
ਵਡਭਾਗੁ = ਵੱਡੇ ਭਾਗਾਂ ਵਾਲਾ ।੨ ।
ਭਾਇ = ਪਿਆਰ ਵਿਚ ।
ਦੂਜੈ ਭਾਇ = ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ।
ਭਵਹਿ = ਭਟਕਦੇ ਹਨ ।
ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ।੩ ।
ਹਰਿ ਰਸੁ = ਹਰਿ ਨਾਮ ਦਾ ਰਸ ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ।੪ ।
    
Sahib Singh
ਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ ।
(ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ।੧।ਰਹਾਉ ।
(ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦਿ੍ਰਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ।੧ ।
(ਹੇ ਭੈਣੋ!) ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ (ਉਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ ।੨ ।
(ਪਰ, ਹੇ ਭੈਣੋ!) ਬਦ-ਨਸੀਬ ਹਨ ਉਹ ਮਨੁੱਖ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਉਹ ਮਾਇਆ ਦੇ ਮੋਹ ਵਿਚਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ ।੩ ।
ਹੇ ਨਾਨਕ! (ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ ।੪।੩।੫੫ ।
Follow us on Twitter Facebook Tumblr Reddit Instagram Youtube