ਆਸਾ ਮਹਲਾ ੩ ਪੰਚਪਦੇ ॥
ਸਬਦਿ ਮਰੈ ਤਿਸੁ ਸਦਾ ਅਨੰਦ ॥
ਸਤਿਗੁਰ ਭੇਟੇ ਗੁਰ ਗੋਬਿੰਦ ॥
ਨਾ ਫਿਰਿ ਮਰੈ ਨ ਆਵੈ ਜਾਇ ॥
ਪੂਰੇ ਗੁਰ ਤੇ ਸਾਚਿ ਸਮਾਇ ॥੧॥

ਜਿਨ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥

ਜਿਨ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥
ਤਿਨ੍ਹ ਕੀ ਗਹਣ ਗਤਿ ਕਹੀ ਨ ਜਾਇ ॥
ਪੂਰੈ ਸਤਿਗੁਰ ਦਿਤੀ ਵਡਿਆਈ ॥
ਊਤਮ ਪਦਵੀ ਹਰਿ ਨਾਮਿ ਸਮਾਈ ॥੨॥

ਜੋ ਕਿਛੁ ਕਰੇ ਸੁ ਆਪੇ ਆਪਿ ॥
ਏਕ ਘੜੀ ਮਹਿ ਥਾਪਿ ਉਥਾਪਿ ॥
ਕਹਿ ਕਹਿ ਕਹਣਾ ਆਖਿ ਸੁਣਾਏ ॥
ਜੇ ਸਉ ਘਾਲੇ ਥਾਇ ਨ ਪਾਏ ॥੩॥

ਜਿਨ੍ਹ ਕੈ ਪੋਤੈ ਪੁੰਨੁ ਤਿਨ੍ਹਾ ਗੁਰੂ ਮਿਲਾਏ ॥
ਸਚੁ ਬਾਣੀ ਗੁਰੁ ਸਬਦੁ ਸੁਣਾਏ ॥
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥

ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
ਜਿਸ ਨੋ ਬਖਸੇ ਸਾਚਾ ਸੋਇ ॥
ਪੂਰੈ ਸਬਦਿ ਮੰਨਿ ਵਸਾਏ ॥
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥

Sahib Singh
ਨੋਟ: = ਪੰਚ ਪਦਾ = ਉਹ ਸ਼ਬਦ ਜਿਸ ਵਿਚ ਪੰਜ ਬੰਦ ਹੋਣ ।
ਪੰਚ ਪਦੇ = {ਬਹੁ = ਵਚਨ} ।
    ਲਫ਼ਜ਼ ‘ਪੰਜ ਪਦੇ’ ਦੇ ਹੇਠ ਅੰਕ ੨ ਦਾ ਭਾਵ ਇਹ ਹੈ ਕਿ ਨੰ: ੧੧ ਅਤੇ ੧੨ ਦੋ ਸ਼ਬਦ ਪੰਚ ਪਦੇ ਹਨ ।
ਸਤਿਗੁਰ ਭੇਟੇ = ਗੁਰੂ ਨੂੰ ਮਿਲਦਾ ਹੈ ।
ਤੇ = ਤੋਂ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।੧ ।
ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ ।
ਤੇ = ਉਹ ਬੰਦੇ ।
ਵਿਸੇਖੁ = ਮੱਥੇ ਉਤੇ ਕੇਸਰ ਆਦਿਕ ਦਾ ਟਿੱਕਾ ।੧।ਰਹਾਉ ।
ਗਹਣ = ਡੂੰਘੀ ।
ਗਤਿ = ਆਤਮਕ ਅਵਸਥਾ ।
ਪੂਰੈ ਸਤਿਗੁਰ = ਗੁਰ ਪੂਰੇ ਨੇ ।
ਨਾਮਿ = ਨਾਮ ਵਿਚ ।੨ ।
ਥਾਪਿ = ਥਾਪ ਕੇ, ਬਣਾ ਕੇ ।
ਉਥਾਪਿ = ਉਥਾਪੇ, ਨਾਸ ਕਰਦਾ ਹੈ ।
ਕਹਿ ਕਹਿ ਕਹਣਾ = ਮੁੜ ਮੁੜ ਆਖਣਾ ।੩ ।
ਪੋਤੈ = ਖ਼ਜ਼ਾਨੇ ਵਿਚ ।
ਸਚੁ = ਸਦਾ = ਥਿਰ ਪ੍ਰਭੂ ।
ਗਿਆਨਿ = ਗਿਆਨ ਦੀ ਰਾਹੀਂ ।
ਰਤਨਿ = ਰਤਨ ਦੀ ਰਾਹੀਂ ।੪ ।
ਨਾਵੈ ਜੇਵਡੁ = ਨਾਮ ਦੇ ਬਰਾਬਰ ।
ਸਾਚਾ = ਸਦਾ = ਥਿਰ ਪ੍ਰਭੂ ।
ਮੰਨਿ = ਮਨਿ, ਮਨ ਵਿਚ ।੫ ।
    
Sahib Singh
(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ, ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ।੧।ਰਹਾਉ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ।
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੧ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ।੨ ।
‘ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ ।
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ’—ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ) ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ।੩ ।
(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ, ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ ।
(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ,ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ।
ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੪ ।
(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ (ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ, ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ।੫।੧੧।੫੦ ।
Follow us on Twitter Facebook Tumblr Reddit Instagram Youtube