ਆਸਾ ਮਹਲਾ ੩ ॥
ਭਗਤਿ ਰਤਾ ਜਨੁ ਸਹਜਿ ਸੁਭਾਇ ॥
ਗੁਰ ਕੈ ਭੈ ਸਾਚੈ ਸਾਚਿ ਸਮਾਇ ॥
ਬਿਨੁ ਗੁਰ ਪੂਰੇ ਭਗਤਿ ਨ ਹੋਇ ॥
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥

ਮੇਰੇ ਮਨ ਹਰਿ ਜਪਿ ਸਦਾ ਧਿਆਇ ॥
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥

ਗੁਰ ਪੂਰੇ ਤੇ ਪੂਰਾ ਪਾਏ ॥
ਹਿਰਦੈ ਸਬਦੁ ਸਚੁ ਨਾਮੁ ਵਸਾਏ ॥
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥
ਸਦਾ ਸੂਚੇ ਸਾਚਿ ਸਮਾਏ ॥੨॥

ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥
ਗੁਰ ਪਰਸਾਦਿ ਰਹਿਆ ਭਰਪੂਰਿ ॥
ਜਹਾ ਜਾਉ ਤਹ ਵੇਖਾ ਸੋਇ ॥
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥

ਗੁਰੁ ਸਾਗਰੁ ਪੂਰਾ ਭੰਡਾਰ ॥
ਊਤਮ ਰਤਨ ਜਵਾਹਰ ਅਪਾਰ ॥
ਗੁਰ ਪਰਸਾਦੀ ਦੇਵਣਹਾਰੁ ॥
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥

Sahib Singh
ਰਤਾ = ਰੱਤਾ, ਰੰਗਿਆ ਹੋਇਆ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਭੈ = ਭਉ ਦੀ ਰਾਹੀਂ ।
ਭਉ = ਡਰ, ਅਦਬ ।
ਗੁਰ ਕੈ ਭੈ = ਗੁਰੂ ਦੇ ਅਦਬ ਦੀ ਰਾਹੀਂ ।
ਭੈ ਸਾਚੈ = ਸਦਾ = ਥਿਰ ਪ੍ਰਭੂ ਦੇ ਡਰ ਦੀ ਰਾਹੀਂ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ।
ਖੋਇ = ਗਵਾ ਕੇ ।
ਪਤਿ = ਇੱਜ਼ਤ ।੧ ।
ਮਨ = ਹੇ ਮਨ !
ਇਛੈ = ਇੱਛਾ ਕਰਦਾ ਹੈ ।੧।ਰਹਾਉ ।
ਤੇ = ਤੋਂ, ਪਾਸੋਂ ।
ਪੂਰਾ = ਸਾਰੇ ਗੁਣਾਂ ਦਾ ਮਾਲਕ ਪ੍ਰਭੂ ।
ਹਿਰਦੈ = ਹਿਰਦੇ ਵਿਚ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਅੰਤਰੁ = ਅੰਦਰਲਾ, ਹਿਰਦਾ, ਮਨ ।
ਅੰਮਿ੍ਰਤਸਰਿ = ਅੰਮਿ੍ਰਤ ਦੇ ਸਰੋਵਰ ਵਿਚ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ।
ਨਾਏ = ਨਾਇ, ਨ੍ਹਾਇ, ਨ੍ਹਾ ਕੇ ।
ਸੂਚੇ = ਪਵਿਤ੍ਰ ।੨ ।
ਹਜੂਰਿ = ਹਾਜ਼ਰ = ਨਾਜ਼ਰ, ਅੰਗ-ਸੰਗ ।
ਪਰਸਾਦਿ = ਕਿਰਪਾ ਨਾਲ ।
ਜਾਉ = ਮੈਂ ਜਾਂਦਾ ਹਾਂ ।
ਵੇਖਾ = ਵੇਖਾਂ, ਮੈਂ ਵੇਖਦਾ ਹਾਂ ।੩ ।
ਸਾਗਰੁ = ਸਮੁੰਦਰ ।
ਪੂਰਾ = ਭਰਿਆ ਹੋਇਆ ।
ਭੰਡਾਰ = ਖ਼ਜ਼ਾਨੇ ।
ਅਪਾਰ = ਬੇਅੰਤ ।
ਪਰਸਾਦੀ = ਪਰਸਾਦਿ, ਕਿਰਪਾ ਦੀ ਰਾਹੀਂ ।
ਦੇਵਣਹਾਰੁ = ਦੇਣ ਦੀ ਸਮਰੱਥਾ ਵਾਲਾ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ ।
(ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ ।੧।ਰਹਾਉ ।
ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ।
(ਪਰ) ਪੂਰੇ ਗੁਰੂਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।
ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ ।੧ ।
ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ, (ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ, (ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ ।
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ ।੨ ।
(ਹੇ ਮੇਰੇ ਮਨ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ, ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ।
(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ।
(ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ ।੩ ।
ਹੇ ਨਾਨਕ! ਗੁਰੂ ਸਮੁੰਦਰ ਹੈ ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ ।
ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ ।੪।੯।੪੮ ।
Follow us on Twitter Facebook Tumblr Reddit Instagram Youtube