ਆਸਾ ਮਹਲਾ ੩ ॥
ਮਨਮੁਖਿ ਝੂਠੋ ਝੂਠੁ ਕਮਾਵੈ ॥
ਖਸਮੈ ਕਾ ਮਹਲੁ ਕਦੇ ਨ ਪਾਵੈ ॥
ਦੂਜੈ ਲਗੀ ਭਰਮਿ ਭੁਲਾਵੈ ॥
ਮਮਤਾ ਬਾਧਾ ਆਵੈ ਜਾਵੈ ॥੧॥

ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥ ਰਹਾਉ ॥੧॥

ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥
ਗੁਰ ਸਬਦੀ ਸੀਗਾਰੁ ਬਣਾਵੈ ॥
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥

ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥
ਨੇੜੈ ਵੇਖੈ ਸਦਾ ਹਦੂਰਿ ॥
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥

ਆਗੈ ਜਾਤਿ ਰੂਪੁ ਨ ਜਾਇ ॥
ਤੇਹਾ ਹੋਵੈ ਜੇਹੇ ਕਰਮ ਕਮਾਇ ॥
ਸਬਦੇ ਊਚੋ ਊਚਾ ਹੋਇ ॥
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥

Sahib Singh
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ।
ਝੂਠੋ ਝੂਠ = ਝੂਠ ਹੀ ਝੂਠ, ਉਹੀ ਕੰਮ ਜੋ ਬਿਲਕੁਲ ਉਸ ਦੇ ਕੰਮ ਨਹੀਂ ਆ ਸਕਦਾ ।
ਦੂਜੇ = ਮਾਇਆ ਦੇ ਮੋਹ ਵਿਚ ।
ਭੁਲਾਵੈ = ਕੁਰਾਹੇ ਪਈ ਰਹਿੰਦੀ ਹੈ ।
ਮਮਤਾ ਬਾਧਾ = ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ।੧ ।
ਦੋਹਾਗਣੀ = ਮੰਦ = ਭਾਗਣ, ਖਸਮ ਦੀ ਛੱਡੀ ਹੋਈ ।
ਮਨ = ਹੇ ਮਨ !
ਕਲਤਿ = ਇਸਤ੍ਰੀ (ਦੇ ਮੋਹ) ਵਿਚ ।
ਧਨਿ = ਧਨ ਵਿਚ ।੧।ਰਹਾਉ ।
ਪ੍ਰਭ ਭਾਵੈ = ਪ੍ਰਭੂ ਨੂੰ ਪਿਆਰੀ ਲੱਗਦੀ ਹੈ ।
ਸੇਜ = ਹਿਰਦਾ = ਸੇਜ ।
ਸੁਖਾਲੀ = ਸੁਖੀ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਮਿਲਿ = ਮਿਲ ਕੇ ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ।੨ ।
ਸਾਚੀ = ਸਦਾ = ਥਿਰ ਰਹਿਣ ਵਾਲੀ, ਸਦਾ ਲਈ ।
ਜਿਸੁ ਪਿਆਰੁ = ਜਿਸ ਦਾ ਪਿਆਰ ।
ਸਾਚਿ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਵਿਚ ।
ਉਰ = ਹਿਰਦਾ ।
ਉਰ ਧਾਰਿ = ਹਿਰਦੇ ਵਿਚ ਟਿਕਾ ਕੇ ।੩ ।
ਆਗੈ = ਪਰਲੋਕ ਵਿਚ ।
ਨ ਜਾਇ = ਨਹੀਂ ਜਾਂਦਾ ।੪ ।
    
Sahib Singh
ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ ।
(ਇਸੇ ਤ੍ਰਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ ।੧।ਰਹਾਉ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ, (ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ, ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ ।
(ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੧ ।
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ, ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ ।੨ ।
(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ, ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ, ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ ।੩ ।
(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈਨਾਹ ਇਹ (ਸੋਹਣਾ) ਰੂਪ ਜਾਂਦਾ ਹੈ ।
(ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ) ।
ਹੇ ਨਾਨਕ! (ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ ।੪।੮।੪੭ ।
Follow us on Twitter Facebook Tumblr Reddit Instagram Youtube