ਆਸਾ ਮਹਲਾ ੩ ॥
ਲਾਲੈ ਆਪਣੀ ਜਾਤਿ ਗਵਾਈ ॥
ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥
ਹਿਰਦੈ ਨਾਮੁ ਵਡੀ ਵਡਿਆਈ ॥
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥

ਸੋ ਲਾਲਾ ਜੀਵਤੁ ਮਰੈ ॥
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥

ਕਰਣੀ ਕਾਰ ਧੁਰਹੁ ਫੁਰਮਾਈ ॥
ਬਿਨੁ ਸਬਦੈ ਕੋ ਥਾਇ ਨ ਪਾਈ ॥
ਕਰਣੀ ਕੀਰਤਿ ਨਾਮੁ ਵਸਾਈ ॥
ਆਪੇ ਦੇਵੈ ਢਿਲ ਨ ਪਾਈ ॥੨॥

ਮਨਮੁਖਿ ਭਰਮਿ ਭੁਲੈ ਸੰਸਾਰੁ ॥
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥
ਵਿਣੁ ਰਾਸੀ ਵਖਰੁ ਪਲੈ ਨ ਪਾਇ ॥
ਮਨਮੁਖਿ ਭੁਲਾ ਜਨਮੁ ਗਵਾਇ ॥੩॥

ਸਤਿਗੁਰੁ ਸੇਵੇ ਸੁ ਲਾਲਾ ਹੋਇ ॥
ਊਤਮ ਜਾਤੀ ਊਤਮੁ ਸੋਇ ॥
ਗੁਰ ਪਉੜੀ ਸਭ ਦੂ ਊਚਾ ਹੋਇ ॥
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥

Sahib Singh
ਲਾਲੈ = ਗ਼ੁਲਾਮ ਨੇ, ਦਾਸ ਨੇ, ।
ਜਾਤਿ = ਹਸਤੀ, ਹੋਂਦ ।
ਅਰਪੇ = ਅਰਪਿ, ਅਰਪ ਕੇ, ਹਵਾਲੇ ਕਰ ਕੇ ।
ਹਿਰਦੈ = ਹਿਰਦੇ ਵਿਚ ।
ਸਖਾਈ = ਮਿੱਤਰ ।੧ ।
ਸੋ ਲਾਲਾ = ਉਹ ਹੈ (ਅਸਲੀ) ਦਾਸ ।
ਜੀਵਤੁ ਮਰੈ = ਜੀਊਂਦਾ ਹੀ (ਜੀਵਨ ਦੀ ਵਾਸਨਾ ਵਲੋਂ) ਮਰਦਾ ਹੈ ।
ਸੋਗੁ = ਗ਼ਮੀ ।
ਹਰਖੁ = ਖ਼ੁਸ਼ੀ ।
ਦੁਇ = ਦੋਵੇਂ ।
ਸਮ = ਬਰਾਬਰ ।
ਪਰਸਾਦੀ = ਕਿਰਪਾ ਨਾਲ ।
ਉਧਰੈ = ਵਿਕਾਰਾਂ ਤੋਂ ਬਚਦਾ ਹੈ ।੧।ਰਹਾਉ ।
ਕਰਣੀ = {ਕਰਣੀਯ} ਕਰਨ = ਜੋਗ ।
ਧੁਰਹੁ = ਆਪਣੀ ਹਜ਼ੂਰੀ ਤੋਂ ।
ਕੋ = ਕੋਈ ਮਨੁੱਖ ।
ਥਾਇ ਨ ਪਾਈ = ਕਬੂਲ ਨਹੀਂ ਹੁੰਦਾ ।
ਕੀਰਤਿ = ਸਿਫ਼ਤਿ = ਸਾਲਾਹ ।
ਵਸਾਈ = ਵਸਾਇ, ਵਸਾਂਦਾ ਹੈ ।
ਆਪੇ = (ਪ੍ਰਭੂ) ਆਪ ਹੀ ।੨ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਭਰਮਿ = ਭਟਕਣਾ ਵਿਚ ।
ਭੁਲੈ = ਕੁਰਾਹ ਪਿਆ ਰਹਿੰਦਾ ਹੈ ।
ਰਾਸੀ = ਰਾਸਿ, ਪੂੰਜੀ, ਸਰਮਾਇਆ ।
ਕੂੜਾ = ਝੂਠਾ, ਠੱਗੀ ਦਾ ।
ਵਖਰੁ = ਸੌਦਾ ।
ਪਲੈ ਨ ਪਾਇ = ਹਾਸਲ ਨਹੀਂ ਕਰ ਸਕਦਾ ।੩ ।
ਊਤਮੁ = ਸ੍ਰੇਸ਼ਟ, ਉੱਚੇ ਜੀਵਨ ਵਾਲਾ ।
ਸੋਇ = ਉਹੀ (ਲਾਲਾ) ।
ਗੁਰ ਪਉੜੀ = ਗੁਰੂ ਦੀ (ਦਿੱਤੀ ਹੋਈ ਸਿਮਰਨ-ਰੂਪ) ਪਉੜੀ (ਤੇ ਚੜ੍ਹ ਕੇ) ।
ਦੂ = ਤੋਂ ।
ਸਭਦੂ = ਸਭਨਾਂ ਨਾਲੋਂ ।
ਨਾਮਿ = ਨਾਮ ਦੀ ਰਾਹੀਂ ।੪ ।
    
Sahib Singh
(ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ ।
(ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ ।੧।ਰਹਾਉ ।
ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਕੇ ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ ।
ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ਉਸ ਦਾ ਨਾਮ (ਪ੍ਰਭੂ ਤੋਂ ਵਿਕਿਆ ਹੋਇਆ) ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਇਹੀ ਉਸ ਦੇ ਵਾਸਤੇ ਸਭ ਤੋਂ ਵੱਡੀ ਇੱਜ਼ਤ ਹੈ ।੧ ।
ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ (ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ, ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ—ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ ।
(ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ ।੨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ (ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ ।
ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ ।
(ਇਸੇ ਤ੍ਰਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ।੩ ।
(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ ।੪।੭।੪੬ ।
Follow us on Twitter Facebook Tumblr Reddit Instagram Youtube