ਆਸਾ ਮਹਲਾ ੩ ॥
ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
ਸੇਵਤ ਹੀ ਸੁਖੁ ਸਾਂਤਿ ਸਰੀਰ ॥
ਸਬਦਿ ਤਰੇ ਜਨ ਸਹਜਿ ਸੁਭਾਇ ॥
ਤਿਨ ਕੈ ਹਮ ਸਦ ਲਾਗਹ ਪਾਇ ॥੧॥

ਜੋ ਮਨਿ ਰਾਤੇ ਹਰਿ ਰੰਗੁ ਲਾਇ ॥
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥

ਸਬਦੁ ਚਾਖੈ ਸਾਚਾ ਸਾਦੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥
ਆਪੇ ਨੇੜੈ ਆਪੇ ਦੂਰਿ ॥੨॥

ਆਖਣਿ ਆਖੈ ਬਕੈ ਸਭੁ ਕੋਇ ॥
ਆਪੇ ਬਖਸਿ ਮਿਲਾਏ ਸੋਇ ॥
ਕਹਣੈ ਕਥਨਿ ਨ ਪਾਇਆ ਜਾਇ ॥
ਗੁਰ ਪਰਸਾਦਿ ਵਸੈ ਮਨਿ ਆਇ ॥੩॥

ਗੁਰਮੁਖਿ ਵਿਚਹੁ ਆਪੁ ਗਵਾਇ ॥
ਹਰਿ ਰੰਗਿ ਰਾਤੇ ਮੋਹੁ ਚੁਕਾਇ ॥
ਅਤਿ ਨਿਰਮਲੁ ਗੁਰ ਸਬਦ ਵੀਚਾਰ ॥
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥

Sahib Singh
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਗਹਿਰ = ਡੂੰਘਾ, ਜਿਸ ਦੇ ਦਿਲ ਦਾ ਭੇਤ ਨਾਹ ਪਾਇਆ ਜਾ ਸਕੇ ।
ਗੰਭੀਰ = ਡੂੰਘੇ ਜਿਗਰੇ ਵਾਲਾ, ਵੱਡੇ ਜਿਗਰੇ ਵਾਲਾ ।
ਸੇਵਤ = ਸਿਮਰਦਿਆਂ ।
ਸਬਦਿ = ਗੁਰ = ਸ਼ਬਦ ਦੀ ਰਾਹੀਂ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਸਦ = ਸਦਾ ।
ਲਾਗਹ = (ਅਸੀ) ਲਗਦੇ ਹਾਂ ।
ਪਾਇ = ਪੈਰੀਂ ।੧ ।
ਮਨਿ = ਮਨ ਵਿਚ ।
ਲਾਇ = ਲਾ ਕੇ ।
ਦਰਗਹ = ਹਜ਼ੂਰੀ ਵਿਚ ।
ਸੁਭਾਇ = ਪ੍ਰੇਮ ਦੀ ਰਾਹੀਂ ।੧।ਰਹਾਉ ।
ਮੰਨਿ = ਮਨਿ, ਮਨ ਵਿਚ ।੨ ।
ਆਖਣਿ ਆਖੈ = ਆਖਣ ਨੂੰ ਆਖਦਾ ਹੈ, ਰਿਵਾਜੀ ਤੌਰ ਤੇ ਆਖਦਾ ਹੈ ।
ਬਕੈ = ਬੋਲਦਾ ਹੈ ।
ਸਭੁ ਕੋਇ = ਹਰੇਕ ਮਨੁੱਖ ।
ਕਹਣੈ = ਆਖਣ ਨਾਲ ।
ਕਥਨਿ = ਆਖਣ ਨਾਲ ।
ਪਰਸਾਦਿ = ਕਿਰਪਾ ਨਾਲ ।
ਮਨਿ = ਮਨਵਿਚ ।੩ ।
ਆਪੁ = ਆਪਾ = ਭਾਵ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ।
ਰੰਗਿ ਰਾਤੇ = ਰੰਗ ਵਿਚ ਰੰਗਿਆ ਜਾਣ ਕਰਕੇ ।
ਅਤਿ = ਬਹੁਤ ।
ਨਾਮਿ = ਨਾਮ ਦੀ ਰਾਹੀਂ ।੪ ।
    
Sahib Singh
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ ।੧।ਰਹਾਉ ।
(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ ।
ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ ।
(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ, ਅਸੀ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ।੧ ।
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ (ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ (ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ, ਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ ।੨ ।
(ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ, ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ ।
ਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ, ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ।੩ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ ।੪।੪।੪੩ ।
Follow us on Twitter Facebook Tumblr Reddit Instagram Youtube