ਆਸਾ ਮਹਲਾ ੩ ॥
ਸਬਦਿ ਮੁਆ ਵਿਚਹੁ ਆਪੁ ਗਵਾਇ ॥
ਸਤਿਗੁਰੁ ਸੇਵੇ ਤਿਲੁ ਨ ਤਮਾਇ ॥
ਨਿਰਭਉ ਦਾਤਾ ਸਦਾ ਮਨਿ ਹੋਇ ॥
ਸਚੀ ਬਾਣੀ ਪਾਏ ਭਾਗਿ ਕੋਇ ॥੧॥

ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥

ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
ਅੰਮ੍ਰਿਤ ਸਬਦਿ ਨਾਮੁ ਵਖਾਣੈ ॥
ਸਾਚੀ ਬਾਣੀ ਸੂਚਾ ਹੋਇ ॥
ਗੁਣ ਤੇ ਨਾਮੁ ਪਰਾਪਤਿ ਹੋਇ ॥੨॥

ਗੁਣ ਅਮੋਲਕ ਪਾਏ ਨ ਜਾਹਿ ॥
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
ਸੇ ਵਡਭਾਗੀ ਜਿਨ੍ਹ ਨਾਮੁ ਧਿਆਇਆ ॥
ਸਦਾ ਗੁਣਦਾਤਾ ਮੰਨਿ ਵਸਾਇਆ ॥੩॥

ਜੋ ਗੁਣ ਸੰਗ੍ਰਹੈ ਤਿਨ੍ਹ ਬਲਿਹਾਰੈ ਜਾਉ ॥
ਦਰਿ ਸਾਚੈ ਸਾਚੇ ਗੁਣ ਗਾਉ ॥
ਆਪੇ ਦੇਵੈ ਸਹਜਿ ਸੁਭਾਇ ॥
ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥

Sahib Singh
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਮੁਆ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਗਿਆ ।
ਆਪੁ = ਆਪਾ = ਭਾਵ ।
ਤਿਲੁ = ਰਤਾ ਭਰ ਭੀ ।
ਤਮਾਇਆ = ਲਾਲਚ ।
ਮਨਿ = ਮਨ ਵਿਚ ।
ਭਾਗਿ = ਕਿਸਮਤਿ ਨਾਲ ।੧ ।
ਸੰਗ੍ਰਹੁ = ਇਕੱਠੇ ਕਰੋ (ਆਪਣੇ ਅੰਦਰ) ।
ਜਾਹਿ = ਦੂਰ ਹੋ ਜਾਣਗੇ ।
ਸਮਾਹਿ = (ਪ੍ਰਭੂ ਵਿਚ) ਲੀਨ ਹੋ ਜਾਹਿˆਗਾ ।੧।ਰਹਾਉ ।
ਵਖਾਣੈ = ਉਚਾਰਦਾ ਹੈ, ਸਿਮਰਦਾ ਹੈ ।
ਸੂਚਾ = ਪਵਿਤ੍ਰ ।
ਤੇ = ਤੋਂ ।੨ ।
ਮਨਿ ਨਿਰਮਲ = ਪਵਿਤ੍ਰ ਮਨ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।
ਮੰਨਿ = ਮਨਿ, ਮਨ ਵਿਚ ।੩ ।
ਜਾਉ = ਮੈਂ ਜਾਂਦਾ ਹਾਂ ।
ਦਰਿ ਸਾਚੈ = ਸਦਾ = ਥਿਰ ਪ੍ਰਭੂ ਦੇ ਦਰ ਤੇ ।
ਗਾਉ = ਮੈਂ ਗਾਂਦਾ ਹਾਂ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।੪ ।
    
Sahib Singh
(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ ।
ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ।੧।ਰਹਾਉ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ ।
ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ ।
ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ।੧ ।
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ; ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ।
ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ।੨ ।
ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ, (ਹਾਂ,) ਸਦਾ-ਥਿਰਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ ।
(ਹੇ ਭਾਈ!) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ਉਹ ਵੱਡੇ ਭਾਗਾਂ ਵਾਲੇ ਹਨ ।੩ ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ ।
ਹੇ ਨਾਨਕ! (ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ (ਉਸ ਦੇ ਉੱਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ।੪।੨।੪੧ ।
Follow us on Twitter Facebook Tumblr Reddit Instagram Youtube