ਆਸਾ ਮਹਲਾ ੧ ॥
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥

ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥

ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

Sahib Singh
ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ ।
    ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ ।
ਖਸਮ = ਮਾਲਕ ।
ਖਸਮਾਨਾ = ਸਪੁਰਦਗੀ ।
ਆਪੈ = ਆਪਣੇ ਆਪ ਨੂੰ ।
ਕਰਤਾ = ਕਰਤਾਰ ।
ਮੁਗਲੁ = ਬਾਬਰ ।
ਏਤੀ = ਇਤਨੀ ।
ਕਰਲਾਣੈ = ਪੁਕਾਰ ਉਠੇ ।
ਦਰਦੁ = ਦੁੱਖ, ਤਰਸ ।੧ ।
ਕਰਤਾ = ਹੇ ਕਰਤਾਰ !
ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ ।
ਸਕਤਾ = ਤਕੜਾ ।
ਮਨਿ = ਮਨ ਵਿਚ ।
ਰੋਸੁ = ਰੋਸਾ, ਗਿਲਾ, ਗ਼ੁੱਸਾ ।੧।ਰਹਾਉ ।
ਸੀਹੁ = ਸ਼ੇਰ ।
ਪੈ = ਹੱਲਾ ਕਰ ਕੇ ।
ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ ।
ਪੁਰਸਾਈ = ਪੁਰਸਿਸ਼, ਪੁੱਛ ।
ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ ।
ਵਿਗਾੜਿ = ਵਿਗਾੜ ਕੇ ।
ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ ।
ਕੁਤˆੀ = ਕੁੱਤਿਆਂ ਨੇ, ਮੁਗ਼ਲਾਂ ਨੇ ।
ਸਾਰ = ਖ਼ਬਰ ।
ਜੋੜਿ = ਜੋੜ ਕੇ ।
ਵੇਖੁ = ਹੇ ਪ੍ਰਭੂ !
    ਵੇਖ ।੨ ।
ਸਾਦ = ਰੰਗ ਰਲੀਆਂ ।
ਮਨਿ = ਮਨ ਵਿਚ ।
ਭਾਣੇ = ਭਾਉਂਦੇ ।
ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ ।
ਖਸਮੈ ਨਦਰੀ = ਖਸਮ = ਪ੍ਰਭੂ ਦੀਆਂ ਨਿਗਾਹਾਂ ਵਿਚ ।
ਜੇਤੇ = ਜਿਤਨੇ ਭੀ ।
ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ ।੩।ਨੋਟ:- ਜਦੋਂ ਮੱਕੇ ਵਲ ਦੀ ਤੀਜੀ ‘ਉਦਾਸੀ’ ਤੋਂ ਗੁਰੂ ਨਾਨਕ ਦੇਵ ਜੀ ਬਗ਼ਦਾਦ ਕਾਬਲ ਦੇ ਰਸਤੇ ਸੰਨ ੧੫੨੧ ਵਿਚ ਹਿੰਦੁਸਤਾਨ ਨੂੰ ਵਾਪਸ ਆ ਰਹੇ ਸਨ, ਉਹਨੀਂ ਹੀ ਦਿਨੀਂ ਬਾਬਰ ਨੇ ਭੇਰਾ ਸਿਆਲਕੋਟ ਮਾਰ ਕੇ ਸੈਦਪੁਰ (ਐਮਨਾਬਾਦ) ਤੇ ਹਮਲਾ ਕੀਤਾ ਸੀ ।
    ਸਤਿਗੁਰੂ ਜੀ ਭੀ ਐਮਨਾਬਾਦ ਪਹੁੰਚ ਚੁਕੇ ਸਨ ।
    ਬਾਬਰ ਦੇ ਮੁਗ਼ਲ ਫੌਜੀਆਂ ਹੱਥੋਂ ਜੋ ਦੁਰਗਤਿ ਸੈਦਪੁਰ-ਨਿਵਾਸੀਆਂ ਦੀ ਅੱਖੀਂ ਵੇਖੀ, ਉਸ ਦਾ ਜ਼ਿਕਰ ਸਤਿਗੁਰੂ ਜੀ ਇਸ ਸ਼ਬਦ ਵਿਚ ਕਰ ਰਹੇ ਹਨ ।
    
Sahib Singh
ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ ।
(ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ ।
(ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ ।
(ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ ।
ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ ?
।੧ ।
ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ ।
ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ।੧।ਰਹਾਉ।ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ) ।
(ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ ।
ਇਸੇ ਤ੍ਰਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ ।
(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ ।
ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ।੨ ।
(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ, ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ) ।
ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ।੩।੫।੩੯ ।

ਨੋਟ: ‘ਘਰੁ ੬’ ਦੇ ਕੁੱਲ ੫ ਸ਼ਬਦ ਹਨ ।
ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ੩੯ ਸ਼ਬਦ ਹਨ ।
Follow us on Twitter Facebook Tumblr Reddit Instagram Youtube