ਆਸਾ ਮਹਲਾ ੧ ॥
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥

ਤੇਰਾ ਹੁਕਮੁ ਭਲਾ ਤੁਧੁ ਭਾਵੈ ॥
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥

ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥

ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥

ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥

Sahib Singh
ਕੀਤਾ ਹੋਵੈ = ਜੋ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਜੀਵ ।
ਕਿਆ ਕਹੀਐ = ਕੀਹ ਗਿਲਾ ?
ਭਾਈ = ਹੇ ਭਾਈ !
ਕੀਤੇ = ਜੀਵ ਦੀ ।
ਕਿਆ = ਕੁਝ ਸੰਵਾਰ ਨਹੀਂ ਸਕਦੀ ।੧ ।
ਤੁਧੁ ਭਾਵੈ = ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ ।
ਭਲਾ = ਪਿਆਰਾ, ਸੁਖਾਵਾਂ ।
ਨਾਮਿ = ਨਾਮ ਵਿਚ ।੧।ਰਹਾਉ ।
ਕਿਰਤੁ = ਕੀਤਾ ਹੋਇਆ ਕੰਮ, ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਇਕੱਠ ।
ਪਇਆ = ਪਿਆ ਹੋਇਆ, ਉਕਰਿਆ ਹੋਇਆ ।
ਪਰਵਾਣਾ = ਪਰਵਾਨਾ, ਲੇਖ ।
ਬਾਹੁੜਿ = ਮੁੜ, ਉਸ ਦੇ ਉਲਟ ।
ਪੜਿਆ = ਪਰਗਟ ਹੁੰਦਾ ਹੈ, ਵਾਪਰਦਾ ਹੈ ।੨ ।
ਦਰਗਹ = ਹਜ਼ੂਰੀ ਵਿਚ, ਸਾਹਮਣੇ ।
ਬਾਜਾਰੀ = ਅਵਾਰਾ ਬੈਣ ਵਾਲਾ, ਬੜਬੋਲਾ ।
ਪਕੈ ਨਾਹੀ = ਪੁੱਗਦੀ ਨਹੀਂ, ਜਿੱਤੀ ਨਹੀਂ ਜਾਂਦੀ ।
ਸਾਰੀ = ਨਰਦ ।੩ ।
ਬੀਨਾ = ਸਿਆਣਾ ।
ਮੰਦਾ = ਮਾੜਾ, ਭੈੜਾ ।
ਬੰਦੀ = ਰਜ਼ਾ ।੪ ।
    
Sahib Singh
(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ ।
(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ।੧।ਰਹਾਉ ।
(ਪਰ) ਹੇ ਭਾਈ! ਜੀਵ ਦੇ ਕੀਹ ਵੱਸ ?
ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ ।
ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ।੧ ।
ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ ।
ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ—ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ।੨ ।
ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ ।
(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ।੩ ।
ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ) ।
ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ।੪।੨।੩੬ ।
Follow us on Twitter Facebook Tumblr Reddit Instagram Youtube