ਆਸਾ ਘਰੁ ੪ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥

ਤਉ ਕਾਰਣਿ ਸਾਹਿਬਾ ਰੰਗਿ ਰਤੇ ॥
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥

ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ ॥
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥

Sahib Singh
ਨੋਟ: = ‘ਘਰੁ ੪’ ਦਾ ਇਹ ਇਕੋ ਹੀ ਸ਼ਬਦ ਹੈ ।
ਕੈ ਤਾਈ = ਦੀ ਖ਼ਾਤਰ ।
ਜੁਗਤਿ = ਮਰਯਾਦਾ ।
ਭਗਵੇ = ਗੇਰੂਏ ਰੰਗ ਦੇ ।੧ ।
ਤਉ ਕਾਰਣਿ = ਤੇਰੇ ਦੀਦਾਰ ਦੀ ਖ਼ਾਤਰ ।
ਰੰਗਿ = (ਤੇਰੇ) ਪ੍ਰੇਮ ਵਿਚ ।
ਕਹਣੁ ਨ ਜਾਹੀ = ਕਹਣੁ ਨ ਜਾਹਿ, ਬਿਆਨ ਨਹੀਂ ਕੀਤੇ ਜਾ ਸਕਦੇ ।੧।ਰਹਾਉ ।
ਮਹਲਾ = ਮਹਲ = ਮਾੜੀਆਂ ।
ਹਸਤੀ = ਹਾਥੀ ।
ਛੋਡਿ = ਛੱਡ ਕੇ ।
ਵਿਲਾਇਤਿ = ਵਤਨ ।
ਸਾਲਿਕ = ਗਿਆਨਵਾਨ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ ।
ਸਾਦਿਕ = ਸਿਦਕੀ ।
ਥਾਇ ਪਏ = ਕਬੂਲ ਹੋਣ ਵਾਸਤੇ ।੨ ।
ਸਹਜ = ਆਰਾਮ ।
ਰਸ ਕਸ = ਸਭ ਸੁਆਦਾਂ ਦੇ ਪਦਾਰਥ ।
ਤਜੀਅਲੇ = ਤਿਆਗ ਦਿੱਤੇ ।
ਦਰਿ ਤੇਰੈ = ਤੇਰੇ ਦਰਵਾਜ਼ੇ ਉਤੇ ।
ਦਰਵੇਸ = ਫ਼ਕੀਰ ।੩ ।
ਖਲੜੀ = ਭੰਗ ਆਦਿਕ ਪਾਣ ਲਈ ਚਮੜੇ ਦੀ ਝੋਲੀ ।
ਲਕੜੀ = ਡੰਡਾ ।
ਸਿਖਾ = ਬੋਦੀ ।
ਸੂਤੁ = ਜਨੇਊ ।
ਜਾਤਿ ਕੈਸੀ = ਮੈਨੂੰ ਕਿਸੇ ਜਾਤ ਦਾ ਮਾਣ ਨਹੀਂ ।੪ ।
    
Sahib Singh
ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ।
ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ।੧।ਰਹਾਉ ।
ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ ।
ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ।੧ ।
(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ।੨ ।
ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ ।
ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗਿ੍ਰਹਸਤ ਛੱਡ ਕੇ) ਫ਼ਕੀਰ ਹੋ ਗਏ ।੩ ।
ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮਿ੍ਰਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ ।
ਪਰ ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ।੪।੧।੩੩ ।
ਵੇਖੋ ਪੰਨਾ ੬੬੭, ਮ: ੪ “ਸੰਤ ਜਨਾ ਕੀ ਜਾਤਿ ਹਰਿ ਸੁਆਮੀ, ਤੁਮ ਠਾਕੁਰ ਹਮ ਸਾਂਗੀ ॥ (ਸਾਂਗੀ ਦਾ
ਭਾਵ:) ਜੈਸੀ ਮਤਿ ਦੇਵਹੁ ਹਰਿ ਸੁਆਮੀ, ਹਮ ਤੈਸੇ ਬੁਲਗ ਬੁਲਾਗੀ” ।੩।੧ ।
Follow us on Twitter Facebook Tumblr Reddit Instagram Youtube