ੴ ਸਤਿਗੁਰ ਪ੍ਰਸਾਦਿ ॥
ਆਸਾ ਘਰੁ ੩ ਮਹਲਾ ੧ ॥
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥
ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥

ਹਰਿ ਕੇ ਨਾਮ ਬਿਨਾ ਜਗੁ ਧੰਧਾ ॥
ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥

ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥
ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥

ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥

ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥
ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥

Sahib Singh
ਲਸਕਰ = ਫੌਜਾਂ ।
ਉਠਿ = ਉਠ ਕੇ ।
ਫੁਰਮਾਇਸਿ = ਹਕੂਮਤ ।
ਮਾਨੁ = ਆਦਰ ।
ਪਤਿ = ਦੁਨੀਆ ਵਿਚ ਮਿਲੀ ਇਹ ਇੱਜ਼ਤ ।
ਲੇਖੈ ਨ ਪਵੈ = ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਹੋਵੇ ।
ਨਿਰਾਫਲ = ਵਿਅਰਥ ।੧ ।
ਧੰਧਾ = ਝੰਬੇਲਾ, ਉਲਝਣ ।
ਅੰਧੋ ਅੰਧਾ = ਅੰਨ੍ਹਾ ਹੀ ਅੰਨ੍ਹਾ ।੧।ਰਹਾਉ ।
ਖਟੀਅਹਿ = ਖੱਟੇ ਜਾਣ {ਬਹੁ-ਵਚਨ, ਕਰਮ ਵਾਚ} ।
ਸੰਜੀਅਹਿ = ਇਕੱਠੇ ਕੀਤੇ ਜਾਣ ।
ਖਾਜਹਿ = ਖਾਧੇ ਜਾਣ, ਖ਼ਰਚੇ ਜਾਣ ।
ਕਿਥੈ ਪਾਹਿ = ਪਤਾ ਨਹੀਂ ਕਿਥੇ ਪੈਂਦੇ ਹਨ, ਦੁੱਖੀ ਹੀ ਰਹਿੰਦੇ ਹਨ ।੨ ।
ਕੁਪਰਵਾਣ = ਅਪ੍ਰਵਾਣ, ਕਬੂਲ ਨਹੀਂ ।੩ ।
ਨਾਮਿ = ਨਾਮ ਵਿਚ ਜੁੜਿਆਂ ।
ਕਰਮਿ = (ਪਰਮਾਤਮਾ ਦੀ) ਮੇਹਰ ਨਾਲ ।
ਅਹਿ = ਦਿਨ ।
ਨਿਸਿ = ਰਾਤ ।
ਪਾਰੁ = ਪਾਰਲਾ ਬੰਨਾ, ਸੰਸਾਰ-ਸਮੁੰਦਰ ਦਾ ਪਾਰਲਾ ਬੰਨਾ ।੪ ।
    
Sahib Singh
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ ।
(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ।੧।ਰਹਾਉ ।
(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ, (ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ, (ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀਕੰਮ ਵਿਅਰਥ ਗਏ ।੧ ।
ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ, ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ।੨ ।
ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ), ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ।੩ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ ।
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ।੪।੧।੩੧ ।

ਨੋਟ: ਅਖ਼ੀਰਲੇ ਅੰਕਾਂ ਵਿਚ ਅੰਕ ੧ ਦੱਸਦਾ ਹੈ ਕਿ ‘ਘਰੁ ੩’ ਦਾ ਇਹ ਪਹਿਲਾ ਸ਼ਬਦ ਹੈ, ਤੇ ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਹੁਣ ਤਕ ੩੧ ਸ਼ਬਦ ਹੋ ਚੁਕੇ ਹਨ ।
Follow us on Twitter Facebook Tumblr Reddit Instagram Youtube