ਆਸਾ ਮਹਲਾ ੧ ਦੁਪਦੇ ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

ਮਨ ਏਕੁ ਨ ਚੇਤਸਿ ਮੂੜ ਮਨਾ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
ਪ੍ਰਣਵਤਿ ਨਾਨਕ ਤਿਨ੍ਹ ਕੀ ਸਰਣਾ ਜਿਨ੍ਹ ਤੂੰ ਨਾਹੀ ਵੀਸਰਿਆ ॥੨॥੨੯॥

Sahib Singh
ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ ।
ਤਿਤੁ = ਉਸ ਵਿਚ ।
ਸਰਵਰੜੈ = ਭਿਆਨਕ ਸਰੋਵਰ ਵਿਚ ।
ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ ।
ਭਲੀਲੇ = ਹੋਇਆ ਹੈ ।
ਪਾਵਕੁ = ਅੱਗ ।
ਤਿਨਹਿ = ਉਸ (ਪ੍ਰਭੂ) ਨੇ (ਆਪ ਹੀ) ।
ਪੰਕ = ਚਿੱਕੜ ।
ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ ।
ਪਗੁ = ਪੈਰ ।
ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ ।
ਤਹ = ਉਸ ਵਿਚ, ਉਥੇ ।
ਡੂਬੀਅਲੇ = ਡੁੱਬ ਗਏ ।੧ ।
ਮਨ = ਹੇ ਮਨ !
ਮੂੜ = ਮੂਰਖ !
ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ ।੧।ਰਹਾਉ ।
ਹਉ = ਮੈਂ ।
ਜਤੀ = ਜਤ ਵਾਲਾ, ਕਾਮ = ਵਾਸਨਾ ਨੂੰ ਰੋਕ ਰੱਖਣ ਵਾਲਾ ।
ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ ।
ਮੁਗਧਾ = ਮੂਰਖ, ਬੇ = ਸਮਝ ।
ਜਨਮੁ = ਜੀਵਨ ।
ਪ੍ਰਣਵਤਿ = ਬੇਨਤੀ ਕਰਦਾ ਹੈ ।੨ ।
    
Sahib Singh
(ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ, (ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ), ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ ।੧ ।
ਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ ।
ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ।੧।ਰਹਾਉ ।
ਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜਿ੍ਹਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ ।
ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ) ।
(ਸੋ) ਨਾਨਕ ਬੇਨਤੀ ਕਰਦਾ ਹੈ—(ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।੨।੨੯ ।
Follow us on Twitter Facebook Tumblr Reddit Instagram Youtube