ਆਸਾ ਮਹਲਾ ੧ ॥
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥
ਝੂਠੈ ਮੋਹਿ ਭਰਮਿ ਭੁਲਾਈ ॥੧॥

ਮੇਰੇ ਸਾਹਿਬ ਹਉ ਕੀਤਾ ਤੇਰਾ ॥
ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥

ਬਹੁਤੇ ਅਉਗਣ ਕੂਕੈ ਕੋਈ ॥
ਜਾ ਤਿਸੁ ਭਾਵੈ ਬਖਸੇ ਸੋਈ ॥੨॥

ਗੁਰ ਪਰਸਾਦੀ ਦੁਰਮਤਿ ਖੋਈ ॥
ਜਹ ਦੇਖਾ ਤਹ ਏਕੋ ਸੋਈ ॥੩॥

ਕਹਤ ਨਾਨਕ ਐਸੀ ਮਤਿ ਆਵੈ ॥
ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥

Sahib Singh
ਝੂਠੈ ਮੋਹਿ = ਝੂਠੈ ਮੋਹ ਦੇ ਕਾਰਨ ।
ਭਰਮਿ = ਭਟਕਣਾ ਵਿਚ (ਪੈ ਕੇ) ।
ਭੁਲਾਈ = (ਦੁਨੀਆ) ਭੁੱਲੀ ਹੋਈ ਹੈ, ਕੁਰਾਹੇ ਪਈ ਹੋਈ ਹੈ ।੧ ।
ਕੀਤਾ ਤੇਰਾ = ਤੇਰਾ ਪੈਦਾ ਕੀਤਾ ਹੋਇਆ ।
ਜਪੀ = ਮੈਂ ਜਪਦਾ ਹਾਂ ।੧।ਰਹਾਉ।ਕੂਕੈ—ਪੁਕਾਰ ਕਰੇ ।
ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ ।੨ ।
ਦੁਰਮਤਿ = ਖੋਟੀ ਮਤਿ ।
ਜਹ = ਜਿਸ ਪਾਸੇ, ਜਿਧਰ ।
ਦੇਖਾ = ਮੈਂ ਵੇਖਦਾ ਹਾਂ ।੩ ।
ਸਚੇ = ਸਚ ਵਿਚ ਹੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ ।੪ ।
    
Sahib Singh
ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ, ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ ।੧।ਰਹਾਉ ।
ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ ।੧ ।
ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ) ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ।੨ ।
ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ (ਪਰ ਇਹ ਭੀ ਤਦੋਂ ਹੀ ਦਿੱਸਦਾ ਹੈ ਜਦੋਂ) ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ ।੩ ।
ਨਾਨਕ ਆਖਦਾ ਹੈ ਕਿ ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ।੪।੨੮ ।
Follow us on Twitter Facebook Tumblr Reddit Instagram Youtube