ਆਸਾ ਮਹਲਾ ੧ ॥
ਏਕ ਨ ਭਰੀਆ ਗੁਣ ਕਰਿ ਧੋਵਾ ॥
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥

ਇਉ ਕਿਉ ਕੰਤ ਪਿਆਰੀ ਹੋਵਾ ॥
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥

ਆਸ ਪਿਆਸੀ ਸੇਜੈ ਆਵਾ ॥
ਆਗੈ ਸਹ ਭਾਵਾ ਕਿ ਨ ਭਾਵਾ ॥੨॥

ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥
ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥

ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥
ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥

ਅਜੈ ਸੁ ਜਾਗਉ ਆਸ ਪਿਆਸੀ ॥
ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥

ਹਉਮੈ ਖੋਇ ਕਰੇ ਸੀਗਾਰੁ ॥
ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥

ਤਉ ਨਾਨਕ ਕੰਤੈ ਮਨਿ ਭਾਵੈ ॥
ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥

Sahib Singh
ਨਿਸਿ = ਰਾਤ ।
ਨਿਸਿ ਭਰਿ = ਸਾਰੀ ਰਾਤ, ਸਾਰੀ ਉਮਰ ।
ਸੋਵਾ = ਮੈਂ (ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ ।
ਜਾਗੈ = ਜਾਗਦਾ ਹੈ; ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ ।੧ ।
ਪਿਆਸੀ = ਪਿਆਸ ਨਾਲ ਵਿਆਕੁਲ ।
ਆਸ ਪਿਆਸੀ = ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਵਿਆਕੁਲ ।੨ ।
ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ ।
ਧਨ = ਜੀਵ = ਇਸਤ੍ਰੀ ।੩ ।
ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ ।
ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ ।੧।ਰਹਾਉ ।
ਖੋਇ = ਨਾਸ ਕਰ ਕੇ ।
ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ ।
ਭਤਾਰੁ = ਖਸਮ = ਪ੍ਰਭੂ ।੪।ਨੋਟ:- ਆਮ ਤੌਰ ਤੇ ਹਰੇਕ ਸ਼ਬਦ ਵਿਚ ਇਕ ਬੰਦ ‘ਰਹਾਉ’ ਦਾ ਹੁੰਦਾ ਹੈ ।
    ਲਫ਼ਜ਼ ‘ਰਹਾਉ’ ਦਾ ਅਰਥ ਹੈ ‘ਠਹਰ ਜਾਓ’ ਇਹੀ ਬੰਦ ਹੈ ‘ਕੇਂਦਰੀ ਖਿ਼ਆਲ’ ਵਾਲਾ ।
    ਇਸ ਸ਼ਬਦ ਵਿਚ ਚਾਰ ‘ਰਹਾਉ’ ਦੇ ਬੰਦ ਹਨ ।
    ਸ਼ਬਦ ਦੇ ਹਰੇਕ ਬੰਦ ਦੇ ਨਾਲ ਇਕ ਇਕ ‘ਰਹਾਉ’ ਦਾ ਬੰਦ ਹੈ ।
    ਇਹਨਾਂ ਵਿਚ ਮਨੁੱਖ ਦੇ ਮਨ ਦੀਆਂ ਚਾਰਤਰਤੀਬਵਾਰ ਅਵਸਥਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਲੰਘ ਕੇ ਜੀਵ ਦਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ: ੧. ਪਛੁਤਾਵਾ, ੨. ਦਰਸ਼ਨ ਦੀ ਤਾਂਘ, ੩. ਵਿਆਕੁਲਤਾ, ੪. ਰਜ਼ਾ ਵਿਚ ਲੀਨਤਾ ।
    
Sahib Singh
ਮੈਂ ਕਿਸੇ ਸਿਰਫ਼ ਇੱਕ ਅੌਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਅੌਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਅੌਗੁਣ ਹਨ ਕਿਉਂਕਿ) ਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ।੧ ।
ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ ?
ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ ।੧।ਰਹਾਉ ।
ਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ ।
(ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ ।੨ ।
ਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ (ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ ।੧।ਰਹਾਉ ।
(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ ।
ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ ।੩ ।
(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ।੧।ਰਹਾਉ ।
ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ, ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ ।੪ ।
ਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ, ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ ।੧।ਰਹਾਉ ।
Follow us on Twitter Facebook Tumblr Reddit Instagram Youtube