ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥

ਘੁੰਘਰੂ ਵਾਜੈ ਜੇ ਮਨੁ ਲਾਗੈ ॥
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥

ਆਸ ਨਿਰਾਸੀ ਤਉ ਸੰਨਿਆਸੀ ॥
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥

ਦਇਆ ਦਿਗੰਬਰੁ ਦੇਹ ਬੀਚਾਰੀ ॥
ਆਪਿ ਮਰੈ ਅਵਰਾ ਨਹ ਮਾਰੀ ॥੩॥

ਏਕੁ ਤੂ ਹੋਰਿ ਵੇਸ ਬਹੁਤੇਰੇ ॥
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥

Sahib Singh
ਨੋਟ: = ਇਹ ਸਾਰਾ ਸੰਗ੍ਰਹ ‘ਘਰੁ ੨’ ਦਾ ਚਲਾ ਆ ਰਿਹਾ ਹੈ ।
    ਪਹਿਲੇ ੧੮ ਸ਼ਬਦ ‘ਚਉਪਦੇ’ ਹਨ; ਫਿਰ ੬ ਸ਼ਬਦ ‘ਪੰਚਪਦੇ’ ਹਨ ।
    ਹੁਣ ਫਿਰ ‘ਚਉਪਦੇ’ ਸ਼ੁਰੂ ਹੋ ਗਏ ਹਨ ।
    ਇਹ ਗਿਣਤੀ ਵਿਚ ਚਾਰ ਹਨ ।
    ਵੇਖੋ ਲਫ਼ਜ਼ ‘ਚਉਪਦੇ’ ਦੇ ਹੇਠ ਅੰਕ ੪ ।
ਪਹਿਲੇ ਚਉਪਦੇ = ਸ਼ਬਦਾਂ ਦੇ ਹਰੇਕ ਬੰਦ ਵਿਚ ‘ਚਉਪਈ’-ਮੇਲ ਦੀਆਂ ਘੱਟ ਤੋਂ ਘੱਟ ੪ ਤੁਕਾਂ ਹਨ, ‘ਦੋਹਰਾ’-ਮੇਲ ਦੀਆਂ ਦੋ ਤੁਕਾਂ, ਪਰ ਇਸ ਨਵੇਂ ਸੰਗ੍ਰਹ ਵਿਚ ‘ਚੌਪਈ’-ਮੇਲ ਦੀਆਂ ਤੁਕਾਂ ਹੀ ਸਿਰਫ਼ ਦੋ ਦੋ ਹਨ ।
    ਇਹ ਸੰਗ੍ਰਹ ਪਹਿਲੇ ਨਾਲੋਂ ਵੱਖ ਲਿਖ ਦਿੱਤਾ ਗਿਆ ਹੈ ।
ਨੋਟ: = ਇਸ ਸ਼ਬਦ ਦੀਆਂ ਤੁਕਾਂ ਵਿਚ ਦੋ ਦੋ ਚੀਜ਼ਾਂ ਦਾ ਟਾਕਰਾ ਕਰ ਕੇ ਇਕ ਨਾਲੋਂ ਦੂਜੀ ਵਧੀਆ ਦੱਸੀ ਗਈ ਹੈ—ਤੀਰਥਵਾਸੀ ਉਹੀ ਸਮਝੋ ਜੋ ਪੰਚਰਾਸੀ ਹੈ ।
    ਜੇ ‘ਮਨੁ ਲਾਗੈ’ ਤਾਂ ‘ਘੁੰਘਰੂ ਵਾਜੈ’ ਪ੍ਰਵਾਨ ਹੈ ।
    ਜੇ ‘ਆਸ ਨਿਰਾਸੀ’ ਹੈ ਤਾਂ ਹੀ ‘ਸੰਨਿਆਸੀ’ ਹੈ ।
    ਜੇ ‘ਜੋਗੀ ਜਤੁ’ ਹੈ ਤਾਂ ਹੀ ਅਸਲ ‘ਕਾਇਆ ਭੋਗੀ’ ਹੈ ।
    ਜੇ ‘ਦਇਆ’ ਹੈ, ਜੇ ‘ਦੇਹ ਬੀਚਾਰੀ’ ਹੈ ਤਾਂ ਹੀ ‘ਦਿਗੰਬਰ’ ਹੈ ।
    ਜੇ ‘ਆਪਿ ਮਰੈ’ ਤਾਂ ਹੀ ਸਮਝੋ ਕਿ ‘ਅਵਰਾ ਨਹ ਮਾਰੀ’ ।
    ਇਸੇ ਹੀ ਤ੍ਰਹਾਂ ਪਹਿਲੀ ਤੁਕ ਵਿਚ ਭੀ ਇਕ ਚੀਜ਼ ਦੇ ਟਾਕਰੇ ਤੇ ਦੂਜੀ ਪ੍ਰਵਾਨ ਕੀਤੀ ਗਈ ਹੈ; ਭਾਵ, ਉਹੀ ਹੈ ‘ਵਿਦਿਆ ਵੀਚਾਰੀ’ ਜੋ ‘ਪਰਉਪਕਾਰੀ’ ਹੈ ।
    ਸੋ, ਪਹਿਲੀ ਤੁਕ ਦੇ ਪਾਠ ਵੇਲੇ ਲਫ਼ਜ਼ ‘ਤਾਂ’ ਉਤੇ ਬਿਸਰਾਮ ਕਰਨਾ ਹੈ ।
    ਅਰਥ ਵੇਲੇ ਲਫ਼ਜ਼ ‘ਪਰਉਪਕਾਰੀ’ ਦੇ ਨਾਲ ਲਫ਼ਜ਼ ‘ਜਾਂ’ ਵਰਤਣਾ ਹੈ ।
ਪੰਚਰਾਸੀ = ਪੰਜ ਕਾਮਾਦਿਕਾਂ ਨੂੰ ਰਾਸ ਕਰ ਲੈਣ ਵਾਲਾ, ਵੱਸ ਵਿਚ ਕਰ ਲੈਣ ਵਾਲਾ ।੧ ।
ਆਗੈ = ਪਰਲੋਕ ਵਿਚ ।੧।ਰਹਾਉ ।
ਕਾਇਆ ਭੋਗੀ = ਕਾਇਆ ਨੂੰ ਭੋਗਣ ਵਾਲਾ, ਗਿ੍ਰਹਸਤੀ ।੨ ।
ਦਿਗੰਬਰੁ = {ਦਿਗ = ਅੰਬਰ} ਦਿਸ਼ਾ ਹਨ ਜਿਸ ਦੇ ਕੱਪੜੇ, ਨੰਗਾ ਰਹਿਣ ਵਾਲਾ, ਨਾਂਗਾ ਜੈਨੀ ।੩ ।
ਚੋਜ = ਕੌਤਕ, ਤਮਾਸ਼ੇ ।੪ ।
    
Sahib Singh
(ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ ।
ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ ।੧ ।
ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ ।
ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ ।੧।ਰਹਾਉ ।
ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ ।
ਜੇ (ਗਿ੍ਰਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗਿ੍ਰਹਸਤੀ ਜਾਣੋ ।੨ ।
ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ); ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ।੩ ।
(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ ।
ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ ।੪।੨੫ ।
Follow us on Twitter Facebook Tumblr Reddit Instagram Youtube