ਆਸਾ ਮਹਲਾ ੧ ॥
ਆਪਿ ਕਰੇ ਸਚੁ ਅਲਖ ਅਪਾਰੁ ॥
ਹਉ ਪਾਪੀ ਤੂੰ ਬਖਸਣਹਾਰੁ ॥੧॥

ਤੇਰਾ ਭਾਣਾ ਸਭੁ ਕਿਛੁ ਹੋਵੈ ॥
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥

ਮਨਮੁਖ ਕੀ ਮਤਿ ਕੂੜਿ ਵਿਆਪੀ ॥
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥

ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥
ਜੋ ਉਪਜੈ ਸੋ ਅਲਖ ਅਭੇਵਹੁ ॥੩॥

ਐਸਾ ਹਮਰਾ ਸਖਾ ਸਹਾਈ ॥
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥

ਸਗਲੀਂ ਸਉਦੀਂ ਤੋਟਾ ਆਵੈ ॥
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥

Sahib Singh
ਸਚੁ = ਸਦਾ ਕਾਇਮ ਰਹਿਣ ਵਾਲਾ ।
ਅਲਖੁ = ਜਿਸ ਦਾ ਸਰੂਪ ਬਿਆਨ ਨ ਹੋ ਸਕੇ ।੧ ।
ਤੇਰਾ ਭਾਣਾ = ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ।
ਹਠਿ = ਹਠ ਨਾਲ ।
ਅੰਤਿ = ਆਖ਼ਰ ਨੂੰ ।
ਵਿਗੋਵੈ = ਖ਼ੁਆਰ ਹੁੰਦਾ ਹੈ ।੧।ਰਹਾਉ ।
ਮਨਮੁਖ = ਜੋ ਆਪਣੇ ਮਨ ਦੇ ਪਿਛੇ ਤੁਰਦਾ ਹੈ ।
ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ ।
ਵਿਆਪੀ = ਗ੍ਰਸੀ ਰਹਿੰਦੀ ਹੈ, ਫਸੀ ਰਹਿੰਦੀ ਹੈ ।
ਪਾਪਿ = ਪਾਪ ਦੇ ਕਾਰਨ ।
ਸੰਤਾਪੀ = ਦੁਖੀ ।੨ ।
ਦੁਰਮਤਿ = ਭੈੜੀ ਮਤਿ ।
ਤਿਆਗਿ = ਛੱਡ ਕੇ ।
ਲਾਹਾ = ਲਾਭ ।
ਅਭੇਵਹੁ = ਅਭੇਵ ਪ੍ਰਭੂ ਤੋਂ ।੩ ।
ਸਹਾਈ = ਮਦਦ ਕਰਨ ਵਾਲਾ ।
ਦਿ੍ਰੜਾਈ = ਮਨ ਵਿਚ ਪੱਕੀ ਕਰ ਦਿੱਤੀ ।੪ ।
ਸਉਦˆੀ = ਸੌਦਿਆਂ ਵਿਚ ।
ਤੋਟਾ = ਘਾਟਾ ।
ਮਨਿ = ਮਨ ਵਿਚ ।੫ ।
    
Sahib Singh
(ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ ।
(ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ ।੧ ।
ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ, (ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ ।੧।ਰਹਾਉ ।
(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, (ਇਸ ਤ੍ਰਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ।੨ ।
(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ, (ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ।੩ ।
(ਅਸੀ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ (ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ ।੪ ।
(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ); ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮਪਿਆਰਾ ਲੱਗਦਾ ਹੈ ।੫।੨੪ ।
Follow us on Twitter Facebook Tumblr Reddit Instagram Youtube