ਆਸਾ ਮਹਲਾ ੧ ਪੰਚਪਦੇ ॥
ਮੋਹੁ ਕੁਟੰਬੁ ਮੋਹੁ ਸਭ ਕਾਰ ॥
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥

ਮੋਹੁ ਅਰੁ ਭਰਮੁ ਤਜਹੁ ਤੁਮ੍ਹ ਬੀਰ ॥
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥

ਸਚੁ ਨਾਮੁ ਜਾ ਨਵ ਨਿਧਿ ਪਾਈ ॥
ਰੋਵੈ ਪੂਤੁ ਨ ਕਲਪੈ ਮਾਈ ॥੨॥

ਏਤੁ ਮੋਹਿ ਡੂਬਾ ਸੰਸਾਰੁ ॥
ਗੁਰਮੁਖਿ ਕੋਈ ਉਤਰੈ ਪਾਰਿ ॥੩॥

ਏਤੁ ਮੋਹਿ ਫਿਰਿ ਜੂਨੀ ਪਾਹਿ ॥
ਮੋਹੇ ਲਾਗਾ ਜਮ ਪੁਰਿ ਜਾਹਿ ॥੪॥

ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥

ਨਦਰਿ ਕਰੇ ਤਾ ਏਹੁ ਮੋਹੁ ਜਾਇ ॥
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥

Sahib Singh
ਨੋਟ: = ਸ਼ਬਦ ਨੰ: ੧੯ ਦਾ ਸਿਰਲੇਖ ਸੀ “ਪੰਚ ਪਦੇ” ।
    ਸੋ, ਸ਼ਬਦ ਨੰ: ੨੪ ਤਕ ‘ਪੰਚ ਪਦੇ’ ਹੀ ਹਨ ।
    ਪਰ ਇਥੇ ਫਿਰ ਸਿਰਲੇਖ ਆ ਗਿਆ “ਪੰਚ ਪਦੇ” ।
    ਇਹ ‘ਪੰਚਪਦੇ’ ਉਸ ਸੰਗ੍ਰਹ ਦਾ ਹਿੱਸਾ ਹੀ ਹਨ, ਉਂਞ ਇਹਨਾਂ ਦੇ ‘ਬੰਦ’ ਛੋਟੇ ਹਨ ।
    ਇਹ ਸ਼ਬਦ ਨੰ: ੨੩ ਛੇ ਬੰਦਾਂ ਦਾ ਹੈ, ਪਰ ਸਿਰਲੇਖ ਆਮ ਤੌਰ ਤੇ ਚਉਪਦੇ ਪੰਚਪਦੇ ਦੁਪਦੇ ਹੀ ਹਨ ।
    ‘ਛੇਪਦਾ’ ਸਿਰਲੇਖ ਕਦੇ ਨਹੀਂ ਵਰਤਿਆ ਗਿਆ ।
    ਸੋ, ਇਸ ਨੂੰ ‘ਪੰਚਪਦਾ’ ਹੀ ਕਿਹਾ ਗਿਆ ਹੈ ।
ਕੁਟੰਬੁ = ਪਰਵਾਰ, ਪਰਵਾਰ ਦੀ ਮਮਤਾ ।੧ ।
ਬੀਰ = ਹੇ ਵੀਰ !
    ਹੇ ਭਾਈ !
ਸਰੀਰ = (ਭਾਵ,) ਮਨੁੱਖ ।
ਰਵੈ = ਸਿਮਰਦਾ ਹੈ ।੧।ਰਹਾਉ ।
ਜਾ = ਜਦੋਂ ।
ਨਵਨਿਧਿ = ਨੌ ਖ਼ਜ਼ਾਨੇ ।
ਪੂਤੁ = ਮਾਇਆ ਦਾ ਪੁੱਤਰ ਮਨ, ਮਾਇਆ-ਵੇੜਿ੍ਹਆ ਮਨ ।
ਮਾਈ = ਮਾਇਆ (ਦੀ ਖ਼ਾਤਰ) ।੨ ।
ਏਤੁ = ਇਸ ਵਿਚ ।
ਮੋਹਿ = ਮੋਹ ਵਿਚ ।
ਏਤੁ ਮੋਹਿ = ਇਸ ਮੋਹ ਵਿਚ ।੩ ।
ਪਾਹਿ = ਤੂੰ ਪਏਂਗਾ ।
ਜਮਪੁਰਿ = ਜਮ ਦੇ ਦੇਸ਼ ਵਿਚ ।
ਜਾਹਿ = ਤੂੰ ਜਾਵੇਂਗਾ ।੪ ।
ਦੀਖਿਆ = ਸਿੱਖਿਆ ।
ਕਮਾਹਿ = ਲੋਕ ਕਮਾਂਦੇ ਹਨ ।
ਥਾਇ ਪਾਹਿ = ਕਬੂਲ ਹੁੰਦੇ ਹਨ ।੫ ।
ਰਹੈ ਸਮਾਇ = ਲੀਨ ਹੋਇਆ ਰਹਿੰਦਾ ਹੈ ।੬ ।
    
Sahib Singh
ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ ।
(ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ ।੧।ਰਹਾਉ ।
(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ, (ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ ।੧ ।
ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ (ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ।੨ ।
ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ, ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ ।੩ ।
(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ, ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ।੪ ।
ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ, ਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ ।੫ ।
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ, ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ।੬।੨੩ ।
Follow us on Twitter Facebook Tumblr Reddit Instagram Youtube