ਆਸਾ ਮਹਲਾ ੧ ॥
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥
ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥

ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥
ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥

ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥
ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥

ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥

ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥

Sahib Singh
ਕਾਚੀ ਗਾਗਰਿ = ਕੱਚਾ ਘੜਾ ।
ਦੇਹ = ਸਰੀਰ ।
ਦੁਹੇਲੀ = ਦੁਖਾਲੀ, ਦੁਖਾਲਯ, ਦੁੱਖਾਂ ਦਾ ਘਰ ਬਣੀ ਹੋਈ ।
ਦੁਤਰੁ = ਜਿਸ ਨੂੰ ਤਰਨਾ ਅੌਖਾ ਹੈ ।੧ ।
ਹਰੇ = ਹੇ ਹਰੀ !
ਰੰਗੀ ਰੂਪੀ = ਰੰਗਾਂ ਵਿਚ ਰੂਪਾਂ ਵਿਚ ।੧।ਰਹਾਉ ।
ਸਾਸੁ = ਸੱਸ, ਮਾਇਆ {ਨੋਟ:- ਲਫ਼ਜ਼ ‘ਸਾਸੁ’ ਸੰਸਕ੍ਰਿਤ ਦਾ ਲਫ਼ਜ਼ (Óਵœੁ) ਸ੍ਵਸ਼੍ਰ¨ ਹੈ ।
    ੁ ਅੰਤ ਵਿਚ ਹੋਣ ਕਰਕੇ ਵੇਖਣ ਨੂੰ ਪੁਲਿੰਗ ਜਾਪਦਾ ਹੈ, ਪਰ ਹੈ ਇਸਤ੍ਰੀਲਿੰਗ} ।
ਘਰਿ = ਘਰ ਵਿਚ ।
ਬੁਰੀ = ਚੰਦਰੀ ।
ਸਖੀ ਸਾਜਨੀ = ਸਜਨੀਆਂ ਸਹੇਲੀਆਂ, ਸਤਸੰਗੀ ।
ਹਉ = ਮੈਂ ।
ਸਰੇਵਉ = ਮੈਂ ਸੇਵਾ ਕਰਦੀ ਹਾਂ ।੨ ।
ਆਪੁ = ਆਪਣੇ ਆਪ ਨੂੰ ।
ਮਾਰਿ = ਮਾਰ ਕੇ ।
ਕਰਹਿ = ਤੂੰ ਕਰਦਾ ਹੈਂ ।੩ ।
ਆਸਾ = ਉਮੀਦ ।
ਮਨਸਾ = ਮਨ ਦਾ ਫੁਰਨਾ, ਤਾਂਘ, ਲਾਲਸਾ ।
ਤੁਰੀਆਵਸਥਾ = ਉਹ ਆਤਮਕ ਹਾਲਤ ਜਿਥੇ ਮਾਇਆ ਪੋਹ ਨਹੀਂ ਸਕਦੀ ।੪ ।
ਗਿਆਨ = ਧਰਮ = ਚਰਚਾ ।
ਧਿਆਨ = ਸਮਾਧੀਆਂ ।
ਸਭਿ = ਸਾਰੇ ।
ਅਲਖ = ਜਿਸ ਦੇ ਗੁਣ ਬਿਆਨ ਨ ਹੋ ਸਕਣ ।
ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ ।
ਨਾਮਿ = ਨਾਮ ਵਿਚ ।
ਸੇਵਾ = ਸਿਮਰਨ ।
ਸਹਜ ਸੇਵਾ = ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ।੫ ।
    
Sahib Singh
{
ਨੋਟ: ਦਰਿਆਵਾਂ ਦੇ ਕੰਢਿਆਂ ਦੇ ਤਾਰੂ ਬੰਦੇ ਹੜ੍ਹਾਂ ਦੀ ਰੁੱਤੇ ਪੱਕੇ ਘੜੇ ਦਾ ਆਸਰਾ ਲੈ ਕੇ ਦਰਿਆਤੋਂ ਪਾਰ ਲੰਘ ਜਾਂਦੇ ਹਨ ।
ਰਾਵੀ ਦੇ ਕੰਢੇ ਰਹਿੰਦਿਆਂ ਇਹ ਅੱਖੀਂ ਵੇਖਿਆ ਨਜ਼ਾਰਾ ਇਥੇ ਦਿ੍ਰਸ਼ਟਾਂਤ ਦੇ ਤੌਰ ਤੇ ਵਰਤਦੇ ਹਨ} ।
(ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ), ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ (ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਅੌਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ।੧ ।
ਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ ।
ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ ।
(ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ ।੧।ਰਹਾਉ ।
(ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ ।
(ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ), ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ ।੨ ।
ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ) ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ ।
ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ, ਉਸੇ ਹਾਲਤ ਵਿਚ ਹੀ ਅਸੀ ਰਹਿ ਸਕਦੇ ਹਾਂ ।
ਦੁਖ ਭੀ ਤੂੰ ਹੀ ਦੇਂਦਾ ਹੈਂ, ਸੁਖ ਭੀ ਤੂੰ ਹੀ ਦੇਂਦਾ ਹੈਂ ।
ਜੋ ਕੁਝ ਤੂੰ ਕਰਦਾ ਹੈਂ; ਉਹੀ ਹੁੰਦਾ ਹੈ ।੩ ।
ਗੁਰੂ ਦੀ ਸਰਨ ਪਿਆਂ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ, ਤਿ੍ਰਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇਪ ਰਹਿ ਸਕੀਦਾ ਹੈ ।
ਜਦੋਂ ਸਤਸੰਗ ਦਾ ਆਸਰਾ ਲਈਏ, ਜਦੋਂ ਗੁਰੂ ਦੇ ਦੱਸੇ ਹੋਏ ਰਾਹੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿਥੇ ਮਾਇਆ ਪੋਹ ਨ ਸਕੇ ।੪ ।
ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਵ ਪਰਮਾਤਮਾ ਵੱਸ ਪਏ, ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ ।
ਹੇ ਨਾਨਕ! ਗੁਰੂ ਦੀ ਮਤਿ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ; ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ।੫।੨੨ ।
Follow us on Twitter Facebook Tumblr Reddit Instagram Youtube