ਆਸਾ ਮਹਲਾ ੧ ॥
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥

ਬੋਲਹੁ ਰਾਮੁ ਕਰੇ ਨਿਸਤਾਰਾ ॥
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥

ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥

ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥

ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥

Sahib Singh
ਨਿਵਿ = ਨਿਵ ਕੇ ।
ਪਾਇ = ਪੈਰੀਂ ।
ਲਗਉ = ਮੈਂ ਲੱਗਾਂ ।
ਆਤਮ ਰਾਮੁ = ਆਪਣੇ ਅੰਦਰਵੱਸਦਾ ਰਾਮ ।
ਨਿਹਾਰਿਆ = ਮੈਂ ਵੇਖਿਆ ਹੈ ।
ਰਵਿਆ = ਸਿਮਰਿਆ ਹੈ ।
ਦੇਖਿ = ਵੇਖ ਕੇ ।੧ ।
ਲਾਭੈ = ਲੱਭਦਾ ਹੈ ।੧।ਰਹਾਉ ।
ਰਵਨੀ = ਰਵਾਣੀ, ਜ਼ਬਾਨੀ ਜ਼ਬਾਨੀ ।
ਰਵੈ = ਜੋ ਬੋਲਦਾ ਹੈ ।
ਭਰਮੁ = ਭਟਕਣਾ ।
ਤਾ = ਤਦੋਂ ।
ਕੋ = ਕੋਈ ਮਨੁੱਖ ।
ਲੇਖੈ ਪਾਈ = ਕਬੂਲ ਹੁੰਦਾ ਹੈ ।੨ ।
ਭਗਤਿ ਪਿ੍ਰਅ = ਪਿਆਰੇ ਦੀ ਭਗਤੀ ।
ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ) ।
ਉਰ ਧਾਰੇ = ਹਿਰਦੇ ਵਿਚ ਟਿਕਾਂਦਾ ਹੈ ।
ਵਛਲੁ = {ਵÄਸਲ} ਪਿਆਰ ਕਰਨ ਵਾਲਾ ।
ਜਗ ਜੀਵਨੁ = ਜਗਤ ਦਾ ਦਾਤਾ (ਪ੍ਰਭੂ) ।੩ ।
ਜੂਝਿ = ਜੂਝ ਕੇ, ਲੜ ਕੇ, ਤਕੜਾ ਟਾਕਰਾ ਕਰ ਕੇ ।
ਮਨਸਾ = ਮਨ ਦਾ ਫੁਰਨਾ ।
ਮਨਹਿ = ਮਨ ਵਿਚ ਹੀ ।
ਸਮਾਏ = ਲੀਨ ਕਰ ਦੇਵੇ ।
ਸਹਜ ਭਾਇ = ਸੌਖੇ ਹੀ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ।੧।ਰਹਾਉ ।
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ ।
(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ।੧ ।
(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ—ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ।
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ।੨ ।
ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੩ ।
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ ।
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।੪।੧੬ ।
Follow us on Twitter Facebook Tumblr Reddit Instagram Youtube