ਆਸਾ ਮਹਲਾ ੧ ॥
ਜੋ ਤਿਨਿ ਕੀਆ ਸੋ ਸਚੁ ਥੀਆ ॥
ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
ਹਿਰਦੈ ਨਾਮੁ ਨਾਹੀ ਮਨਿ ਭੰਗੁ ॥
ਅਨਦਿਨੁ ਨਾਲਿ ਪਿਆਰੇ ਸੰਗੁ ॥੧॥

ਹਰਿ ਜੀਉ ਰਾਖਹੁ ਅਪਨੀ ਸਰਣਾਈ ॥
ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥

ਕਰਮ ਧਰਮ ਸਚੁ ਸਾਚਾ ਨਾਉ ॥
ਤਾ ਕੈ ਸਦ ਬਲਿਹਾਰੈ ਜਾਉ ॥
ਜੋ ਹਰਿ ਰਾਤੇ ਸੇ ਜਨ ਪਰਵਾਣੁ ॥
ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥

ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥
ਹਰਿ ਸਿਉ ਰਾਤੀ ਸਬਦੁ ਵੀਚਾਰੀ ॥
ਆਪਿ ਤਰੈ ਸੰਗਤਿ ਕੁਲ ਤਾਰੈ ॥
ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥

ਹਮਰੀ ਜਾਤਿ ਪਤਿ ਸਚੁ ਨਾਉ ॥
ਕਰਮ ਧਰਮ ਸੰਜਮੁ ਸਤ ਭਾਉ ॥
ਨਾਨਕ ਬਖਸੇ ਪੂਛ ਨ ਹੋਇ ॥
ਦੂਜਾ ਮੇਟੇ ਏਕੋ ਸੋਇ ॥੪॥੧੪॥

Sahib Singh
ਜੋ = ਜਿਸ ਜੀਵ ਨੂੰ ।
ਤਿਨਿ = ਉਸ (ਪਰਮਾਤਮਾ) ਨੇ ।
ਕੀਆ = ਆਪਣਾ ਬਣਾ ਲਿਆ ।
ਸਚੁ = ਸਦਾ = ਥਿਰ ਪ੍ਰਭੂ (ਦਾ ਰੂਪ) ।
ਸਤਿਗੁਰਿ = ਸਤਿਗੁਰੂ ਨੇ ।
ਅੰਮਿ੍ਰਤ = ਅਟੱਲ ਆਤਮਕ ਜੀਵਨ ਦੇਣ ਵਾਲਾ ।
ਮਨਿ = ਮਨ ਵਿਚ ।
ਭੰਗੁ = ਤੋਟ, ਪਰਮਾਤਮਾ ਦੇ ਨਾਮ ਨਾਲੋਂ ਵਿਛੋੜਾ ।
ਅਨਦਿਨੁ = ਹਰ ਰੋਜ਼ ।੧ ।
ਰਾਖਹੁ = ਰੱਖਦੇ ਹੋ ।
ਨਉ ਨਿਧਿ = ਨੌ ਖ਼ਜ਼ਾਨੇ ।੧।ਰਹਾਉ ।
ਕਰਮ = ਜੱਗ ਆਦਿਕ ਕਰਮ ।
ਧਰਮ = ਵਰਨਾਸ਼੍ਰਰਮ ਦੇ ਨੀਯਤ ਕੀਤੇ ਫ਼ਰਜ਼ ।
ਸਚੁ = ਸਦਾ = ਥਿਰ ਪ੍ਰਭੂ (ਦਾ ਸਿਮਰਨ) ।
ਪਰਮ = ਸਭ ਤੋਂ ਉੱਚਾ ।
ਨਿਧਾਨੁ = ਖ਼ਜ਼ਾਨਾ ।੨ ।
ਵਰੁ = ਪਤੀ, ਖਸਮ ।
ਜਿਨਿ = ਜਿਸ ਨੇ ।
ਧਨ = ਭਾਗਾਂ ਵਾਲੀ ।
ਰਾਤੀ = ਰੱਤੀ ਹੋਈ ।
ਤਤੁ = ਸਾਰ ਵਸਤ, ਮਨੁੱਖਾ ਜਨਮ ਦਾ ਅਸਲ ਲਾਭ ।੩ ।
ਸਤ ਭਾਉ = ਸੱਚਾ ਪਿਆਰ ।
ਦੂਜਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ।੪ ।
    
Sahib Singh
ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ ।
ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ ।
ਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ, ਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ।੧ ।
ਹੇ ਪ੍ਰਭੂ ਜੀ! ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ, ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ।੧।ਰਹਾਉ ।
ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ ।
ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ।੨ ।
ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ, ਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ ।
ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ, ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ।੩ ।
(ਦੁਨੀਆ ਵਿਚ ਕਿਸੇ ਨੂੰ ਉੱਚੀ ਜਾਤਿ ਦਾ ਮਾਣ ਹੈ ਕਿਸੇ ਨੂੰ ਉੱਚੀ ਕੁਲ ਦਾ ਧਰਵਾਸ ਹੈ ।
ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ, ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ ।
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ, ਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖਿ਼ਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ।੪।੧੪ ।
Follow us on Twitter Facebook Tumblr Reddit Instagram Youtube