ਆਸਾ ਮਹਲਾ ੧ ॥
ਏਕੋ ਸਰਵਰੁ ਕਮਲ ਅਨੂਪ ॥
ਸਦਾ ਬਿਗਾਸੈ ਪਰਮਲ ਰੂਪ ॥
ਊਜਲ ਮੋਤੀ ਚੂਗਹਿ ਹੰਸ ॥
ਸਰਬ ਕਲਾ ਜਗਦੀਸੈ ਅੰਸ ॥੧॥

ਜੋ ਦੀਸੈ ਸੋ ਉਪਜੈ ਬਿਨਸੈ ॥
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥

ਬਿਰਲਾ ਬੂਝੈ ਪਾਵੈ ਭੇਦੁ ॥
ਸਾਖਾ ਤੀਨਿ ਕਹੈ ਨਿਤ ਬੇਦੁ ॥
ਨਾਦ ਬਿੰਦ ਕੀ ਸੁਰਤਿ ਸਮਾਇ ॥
ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥

ਮੁਕਤੋ ਰਾਤਉ ਰੰਗਿ ਰਵਾਂਤਉ ॥
ਰਾਜਨ ਰਾਜਿ ਸਦਾ ਬਿਗਸਾਂਤਉ ॥
ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
ਬੂਡਤ ਪਾਹਨ ਤਾਰਹਿ ਤਾਰਿ ॥੩॥

ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
ਉਲਟ ਭਈ ਘਰੁ ਘਰ ਮਹਿ ਆਣਿਆ ॥
ਅਹਿਨਿਸਿ ਭਗਤਿ ਕਰੇ ਲਿਵ ਲਾਇ ॥
ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥

Sahib Singh
ਸਰਵਰੁ = ਸੋਹਣਾ ਸਰ, ਸੋਹਣਾ ਤਾਲਾਬ ।
ਅਨੂਪ = ਸੋਹਣੇ ।
ਬਿਗਾਸੈ = ਖਿੜਾਂਦਾ ਹੈ ।
ਪਰਮਲ = ਸੁਗੰਧੀ ।
ਰੂਪ = ਸੁੰਦਰਤਾ ।
ਹੰਸ = ਸਤਸੰਗੀ, ਗੁਰਮੁਖ ।
ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ ।
ਜਗਦੀਸੈ = ਜਗਦੀਸ਼ ਦਾ ।
ਅੰਸ = ਹਿੱਸਾ ।੧ ।
ਸਰਵਰਿ = ਸਰਵਰ ਵਿਚ ।੧।ਰਹਾਉ ।
ਭੇਦੁ = (ਸਤਸੰਗ ਸਰੋਵਰ ਦੀ) ਗੁਪਤ ਕਦਰ ।
ਸਾਖਾ ਤੀਨਿ = ਤਿੰਨ ਅਵਸਥਾ (ਮਾਇਆ ਦੀਆਂ) ।
ਨਾਦ = ਸ਼ਬਦ, ਸਿਫ਼ਤਿ = ਸਾਲਾਹ ਦੀ ਬਾਣੀ ।
ਬਿੰਦ = ਜਾਣਨਾ ।
ਨਾਦ ਬਿੰਦ ਕੀ ਸੁਰਤਿ = ਸ਼ਬਦ ਨੂੰ ਜਾਣਨ ਵਾਲੀ ਸੁਰਤਿ ਵਿਚ ।
ਸਮਾਇ = ਲੀਨ ਹੁੰਦਾ ਹੈ ।
ਪਰਮ = ਬਹੁਤ ਉੱਚਾ ।
ਪਦੁ = ਆਤਮਕ ਦਰਜਾ ।੨ ।
ਮੁਕਤੋ = ਮੁਕਤ, ਵਿਕਾਰਾਂ ਤੋਂ ਆਜ਼ਾਦ ।
ਰਾਤਉ = ਰੱਤਾ ਹੋਇਆ ।
ਰਵਾਂਤਉ = ਸਿਮਰਦਾ ਹੈ ।
ਰਾਜਨ ਰਾਜਿ = ਰਾਜਿਆਂ ਦੇ ਰਾਜੇ (ਹਰੀ) ਵਿਚ ।
ਬਿਗਸਾਂਤਉ = ਬਿਗਸਦਾ ਹੈ, ਖਿੜਿਆ ਰਹਿੰਦਾ ਹੈ ।
ਪਾਹਨ = ਪੱਥਰ ।
ਤਾਰਿ = ਬੇੜੀ ।੩ ।
ਉਲਟ ਭਈ = ਸੁਰਤਿ ਮਾਇਆ ਦੇ ਪ੍ਰਭਾਵ ਵਲੋਂ ਪਰਤ ਗਈ ।
ਘਰੁ = ਪਰਮਾਤਮਾ ਦਾ ਨਿਵਾਸ-ਥਾਂ ।
ਘਰ ਮਹਿ = (ਆਪਣੇ) ਹਿਰਦੇ ਵਿਚ ।
ਆਣਿਆ = ਲੈ ਆਂਦਾ ।
ਅਹਿ = ਦਿਨ ।
ਨਿਸਿ = ਰਾਤ ।
ਪਾਇ = ਪੈਰੀਂ।੪ ।
    
Sahib Singh
ਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ ।
ਪਰ ਸਰੋਵਰ ਵਿਚ (ਉਗਿਆ ਹੋਇਆ) ਕੌਲ ਪਾਣੀ ਤੋਂ ਬਿਨਾ ਨਹੀਂ ਹੈ (ਇਸ ਵਾਸਤੇ ਉਹ ਨਾਸ ਹੁੰਦਾ) ਨਹੀਂ ਦਿੱਸਦਾ (ਭਾਵ, ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖਿ ਦਾ ਹਿਰਦਾ-ਕਮਲ ਸਦਾ ਆਤਮਕ ਜੀਵਨ ਵਾਲਾ ਹੈ) ।੧।ਰਹਾਉ ।
(ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ ।
(ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ ।
ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ (ਤੇ ਇਸ ਤ੍ਰਹਾਂ) ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ (ਬਣੇ ਰਹਿੰਦੇ ਹਨ; ਜਗਦੀਸ਼ ਨਾਲ ਇੱਕ-ਰੂਪ ਹੋਏ ਰਹਿੰਦੇ ਹਨ) ।੧ ।
(ਸਤਸੰਗ ਸਰੋਵਰ ਦੀ ਇਸ) ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ (ਜਗਤ ਆਮ ਤੌਰ ਤੇ ਤਿ੍ਰਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ) ਵੇਦ (ਭੀ) ਤਿ੍ਰਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ ।
(ਸਤਸੰਗ ਵਿਚ ਰਹਿ ਕੇ) ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ, ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।੨ ।
(ਸਤਸੰਗ ਸਰੋਵਰ ਵਿਚ ਚੁੱਭੀ ਲਾਣ ਵਾਲਾ ਮਨੁੱਖ) ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ; ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ ।
(ਪਰ ਹੇ ਪ੍ਰਭੂ! ਇਹ ਤੇਰੀ ਹੀ ਮੇਹਰ ਹੈ) ਤੂੰ ਮੇਹਰ ਕਰ ਕੇ ਜਿਸ ਨੂੰ (ਮਾਇਆ ਦੇ ਅਸਰ ਤੋਂ) ਬਚਾ ਲੈਂਦਾ ਹੈਂ (ਉਹ ਬਚ ਜਾਂਦਾ ਹੈ), ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ ।੩ ।
(ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ) ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ, ਉਸ ਦੀ ਸੁਰਤਿ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ, ਉਹ ਸੁਰਤਿ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ ।
ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ ।੪।੧੨ ।
Follow us on Twitter Facebook Tumblr Reddit Instagram Youtube