ਆਸਾ ਮਹਲਾ ੧ ॥
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥
ਦੁਰਮਤਿ ਗਤੁ ਭਈ ਕੀਰਤਿ ਠਾਇ ॥
ਸਚ ਪਉੜੀ ਸਾਚਉ ਮੁਖਿ ਨਾਂਉ ॥
ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥

ਮਨ ਚੂਰੇ ਖਟੁ ਦਰਸਨ ਜਾਣੁ ॥
ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥

ਅਧਿਕ ਤਿਆਸ ਭੇਖ ਬਹੁ ਕਰੈ ॥
ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥

ਸਿਫਤਿ ਸਲਾਹਣੁ ਸਹਜ ਅਨੰਦ ॥
ਸਖਾ ਸੈਨੁ ਪ੍ਰੇਮੁ ਗੋਬਿੰਦ ॥
ਆਪੇ ਕਰੇ ਆਪੇ ਬਖਸਿੰਦੁ ॥
ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥

ਝੂਠ ਵਿਕਾਰ ਮਹਾ ਦੁਖੁ ਦੇਹ ॥
ਭੇਖ ਵਰਨ ਦੀਸਹਿ ਸਭਿ ਖੇਹ ॥
ਜੋ ਉਪਜੈ ਸੋ ਆਵੈ ਜਾਇ ॥
ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥

Sahib Singh
ਬਨੁ = ਜੰਗਲ ।
ਸਮਸਰਿ = ਬਰਾਬਰ, ਇਕੋ ਜਿਹਾ ।
ਸਹਜਿ = ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।
ਗਤੁ ਭਈ = ਦੂਰ ਹੋ ਜਾਂਦੀ ਹੈ ।
ਕੀਰਤਿ = ਸਿਫ਼ਤਿ = ਸਾਲਾਹ ।
ਠਾਇ = (ਉਸ ਦੀ) ਥਾਂ ਤੇ ।
ਮੁਖਿ = ਮੂੰਹ ਵਿਚ ।
ਨਾਂਉ = ਪਰਮਾਤਮਾ ਦਾ ਨਾਮ ।
ਸੇਵਿ = ਸੇਵ ਕੇ, ਸੇਵਾ ਕਰ ਕੇ ।
ਨਿਜ = ਆਪਣਾ ।
ਨਿਜ ਥਾਉ = ਉਹ ਥਾਂ ਜੋ ਸਦਾ ਆਪਣਾ ਬਣਿਆ ਰਹੇਗਾ ।੧ ।
ਚੂਰੇ = ਚੂਰਾ ਚੂਰਾ ਕਰੇ, ਮੰਦੇ ਸੰਸਕਾਰਾਂ ਦਾ ਨਾਸ ਕਰੇ ।
ਖਟੁ = ਛੇ ।
ਖਟੁ ਦਰਸਨ = ਛੇ ਸ਼ਾਸਤ੍ਰ (ਸਾਂਖ, ਨਿਆਇ, ਯੋਗ, ਵੇਦਾਂਤ, ਮੀਮਾਂਸਾ, ਵੈਸ਼ੇਸ਼ਿਕ) ।
ਜਾਣੁ = ਗਿਆਤਾ ।
ਸਰਬ ਜੋਤਿ = ਸਭ ਜੀਵਾਂ ਵਿਚ ਵਿਆਪਕ ਜੋਤਿ ।੧।ਰਹਾਉ ।
ਅਧਿਕ = ਬਹੁਤ ।
ਤਿਆਸ = ਤ੍ਰਿਸ਼ਨਾ ।
ਦੁਖੁ ਬਿਖਿਆ = ਮਾਇਆ ਦੀ ਤ੍ਰਿਸ਼ਨਾ ਤੋਂ ਪੈਦਾ ਹੋਇਆ ਦੁੱਖ ।
ਤਨਿ = ਸਰੀਰ ਵਿਚ ।
ਪਰਹਰੈ = ਦੂਰ ਕਰ ਦੇਂਦਾ ਹੈ ।
ਧਨੁ = ਨਾਮ = ਧਨ ।
ਹਿਰੈ = ਚੁਰਾ ਲੈਂਦਾ ਹੈ ।
ਛੋਡਿ = ਛੱਡ ਕੇ ।
ਨਾਮਿ = ਨਾਮ ਵਿਚ (ਜੁੜ ਕੇ) ।
ਨਿਸਤਰੈ = ਪਾਰ ਲੰਘ ਜਾਂਦਾ ਹੈ ।੨ ।
ਸਹਜ ਅਨੰਦ = ਅਡੋਲਤਾ ਦਾ ਅਨੰਦ ।
ਸੈਨੁ = ਮਿਤ੍ਰ ।
ਆਗੈ = (ਹਰੀ ਦੇ) ਅੱਗੇ ।੩ ।
ਦੇਹ = ਸਰੀਰ ।
ਦੀਸਹਿ = ਦਿੱਸਦੇ ਹਨ ।
ਸਭਿ = ਸਾਰੇ ।
ਉਪਜੈ = ਜੰਮਦਾ ਹੈ ।
ਜਾਇ = ਚਲਾ ਜਾਂਦਾ ਹੈ ।
ਅਸਥਿਰੁ = ਸਦਾ = ਥਿਰ ਰਹਿਣ ਵਾਲਾ ।
    
Sahib Singh
ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ ਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ ।੧।ਰਹਾਉ ।
(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ; ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ ।
ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ ਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ।੧ ।
ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕਲਿਬਾਸ ਪਹਿਨੇ, ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ, ਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ ।
(ਤ੍ਰਿਸ਼ਨਾ ਦੇ ਹੜ੍ਹ ਵਿਚੋਂ ਉਹੀ ਮਨੁੱਖ) ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ-ਪਨ ਛੱਡਦਾ ਹੈ ।੨ ।
(ਜਿਸ ਨੇ ਮਨ ਨੂੰ ਮਾਰ ਲਿਆ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ, ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ, ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ, ਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ ।੩ ।
(ਮਨ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਨੂੰ) ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ (ਦਾ ਮੂਲ) ਜਾਪਦੇ ਹਨ, (ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ ।
ਹੇ ਨਾਨਕ! ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ, ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ।੪।੧੧ ।
Follow us on Twitter Facebook Tumblr Reddit Instagram Youtube