ਆਸਾ ਮਹਲਾ ੧ ॥
ਮੈ ਗੁਣ ਗਲਾ ਕੇ ਸਿਰਿ ਭਾਰ ॥
ਗਲੀ ਗਲਾ ਸਿਰਜਣਹਾਰ ॥
ਖਾਣਾ ਪੀਣਾ ਹਸਣਾ ਬਾਦਿ ॥
ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥

ਤਉ ਪਰਵਾਹ ਕੇਹੀ ਕਿਆ ਕੀਜੈ ॥
ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥

ਮਨ ਕੀ ਮਤਿ ਮਤਾਗਲੁ ਮਤਾ ॥
ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥
ਕਿਆ ਮੁਹੁ ਲੈ ਕੀਚੈ ਅਰਦਾਸਿ ॥
ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥

ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥
ਤੁਝ ਬਿਨੁ ਦੂਜਾ ਨਾਹੀ ਕੋਇ ॥
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥
ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥

ਰਾਗ ਰਤਨ ਪਰੀਆ ਪਰਵਾਰ ॥
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥
ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥

Sahib Singh
ਸਿਰਿ = ਸਿਰ ਉਤੇ ।
ਮੈ ਗੁਣ = ਮੇਰੇ ਗੁਣ (ਸਿਰਫ਼ ਇਹੀ ਹਨ) ।
ਗਲੀ ਗਲਾ = ਗੱਲਾਂ ਵਿਚੋਂ (ਚੰਗੀਆਂ) ਗੱਲਾਂ ।
ਗਲਾ ਸਿਰਜਣਹਾਰ = ਸਿਰਜਣਹਾਰ ਦੀਆਂ ਗੱਲਾਂ ।
ਬਾਦਿ = ਵਿਅਰਥ ।
ਆਵਹਿ = ਤੂੰ ਆਵੇਂ (ਹੇ ਪ੍ਰਭੂ!) ।੧ ।
ਤਉ = ਤਦੋਂ ।
ਕਿਆ ਪਰਵਾਹ ਕੀਜੈ = ਕੋਈ ਪਰਵਾਹ ਨਹੀਂ ਕਰੀਦੀ, ਕੋਈ ਮੁਥਾਜੀ ਨਹੀਂ ਰਹਿ ਜਾਂਦੀ ।
ਜਨਮਿ = ਜਨਮ ਵਿਚ ।
ਜਨਮਿ = ਜਨਮ ਲੈ ਕੇ ।
ਜਨਮਿ ਜਨਮਿ = ਮਨੁੱਖਾ ਜਨਮ ਵਿਚ ਆ ਕੇ ।
ਲੀਜੀ = ਲੈਣ = ਜੋਗ ਪਦਾਰਥ ।੧।ਰਹਾਉ ।
ਮਤਾਗਲੁ = ਹਾਥੀ ।
ਮਤਾ = ਮਸਤ ।
ਖਤੋ ਖਤਾ = ਖ਼ਤਾ ਹੀ ਖ਼ਤਾ, ਭੁੱਲ ਹੀ ਭੁੱਲ ।
ਕਿਆ ਮੁਹੁ ਲੈ = ਕੇਹੜਾ ਮੂੰਹ ਲੈ ਕੇ ?
    ਕਿਸ ਮੂੰਹ ਨਾਲ ?
ਸਾਖੀ = ਗਵਾਹ ।੨ ।
ਚਲਾਵੈ = ਤੂੰ ਚਲਾ ਰਿਹਾ ਹੈਂ (ਜਗਤ ਦੀ ਕਾਰ) ।੩ ।
ਰਤਨ ਰਾਗ = ਸ੍ਰੇਸ਼ਟ ਵਧੀਆ ਰਾਗ ।
ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ ।
ਤਿਸੁ ਵਿਚਿ = ਇਸ (ਸਾਰੇ ਪਰਵਾਰ) ਵਿਚ {ਨੋਟ:- ਲਫ਼ਜ਼ ‘ਤਿਸੁ’ ਇਕ-ਵਚਨ ਹੈ} ।
ਅੰਮਿ੍ਰਤੁ ਸਾਰ = ਸ੍ਰੇਸ਼ਟ ਅੰਮਿ੍ਰਤ, ਨਾਮ-ਰਸ ।੪ ।
    
Sahib Singh
ਮਨੁੱਖਾ ਜਨਮ ਵਿਚ ਆ ਕੇ ਜੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ, ਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ।੧।ਰਹਾਉ ।
(ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ ।
ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ) ।
ਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ, ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ—ਇਹ ਸਭ ਵਿਅਰਥ ਹੈ ।੧ ।
(ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤਿ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ (ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ ।
(ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ ?
(ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ) ਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ।੨ ।
(ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ ।
ਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ) ।
ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ ।
ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤ੍ਰਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ।੩ ।
ਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ—ਜੇ ਇਸ ਰਾਗ-ਪਰਵਾਰਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ) ।
ਹੇ ਨਾਨਕ! ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ, ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ ।੪।੯ ।
Follow us on Twitter Facebook Tumblr Reddit Instagram Youtube