ਆਸਾ ਮਹਲਾ ੧ ॥
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥
ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥

ਕਰੇ ਵਖਿਆਣੁ ਜਾਣੈ ਜੇ ਕੋਈ ॥
ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥

ਜਿਨ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥
ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥

ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥
ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥
ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥

Sahib Singh
ਕਰਮ ਕਰਤੂਤਿ = ਚੰਗੇ ਕਰਮ, ਚੰਗਾ ਆਚਰਨ ।
ਬੇਲਿ = ਵੇਲ ।
ਬਿਸਥਾਰੀ = ਖਿਲਰੀ ਹੋਈ ।
ਰੇਖ = ਚਿਹਨ ।
ਅਨਾਹਦੁ = ਬਿਨਾ ਵਜਾਇਆਂ, ਇਕ-ਰਸ {ਸਾਜ ਤਦੋਂ ਹੀ ਵੱਜਦਾ ਹੈ ਜਦੋਂ ਉਸ ਨੂੰ ਉਂਗਲੀਆਂ ਨਾਲ ਛੇੜੀਏ ।
    ਜਦੋਂ ਉਂਗਲੀ ਦੀ ਚੋਟ ਬੰਦ ਕਰ ਦਈਏ, ਸਾਜ ਬੰਦ ਹੋ ਜਾਂਦਾ ਹੈ} ।
ਸਬਦੁ = ਸਿਫ਼ਤਿ = ਸਾਲਾਹ ਦੀ ਰੌ ।
ਨਿਰੰਜਨਿ = ਨਿਰੰਜਨ ਨੇ, ਉਸ ਪਰਮਾਤਮਾ ਨੇ ਜੋ ਅੰਜਨ (ਮਾਇਆ ਦੀ ਕਾਲਖ) ਤੋਂ ਪਰੇ ਹੈ ।੧ ।
ਜਾਣੈ = ਜਾਣ = ਪਛਾਣ ਪਾ ਲਏ, ਸਾਂਝ ਪਾ ਲਏ ।੧।ਰਹਾਉ ।
ਜਿਨ@ = ਜਿਨ੍ਹਾਂ ਮਨੁੱਖਾਂ ਨੇ ।
ਜੋਤੀ ਜੋਤਿ = ਪਰਮਾਤਮਾ ਦੀ ਜੋਤਿ ।
ਲਾਹੇ = ਲਾਭ ।੨।ਸਰਬ ਜੋਤਿ—ਸਾਰੀਆਂ ਜੋਤਾਂ ਵਿਚ ।
ਰਾਰੈ = ਰਾਰ ਵਿਚ, ਝਗੜੇ ਵਿਚ ।
ਰਾਰੈ ਰੂਪਿ = ਝਗੜਾ = ਰੂਪ ਸੰਸਾਰ ਵਿਚ ।
ਨਿਰਾਲਮੁ = ਨਿਰਾਲਾ, ਵੱਖਰਾ, ਨਿਰਲੇਪ ।
ਛਾਇਆ = ਪ੍ਰਤਿਬਿੰਬ, ਅਕਸ ।੩ ।
ਬੀਣਾ = ਬੀਨ ।
ਸਬਦੁ = ਸਿਫ਼ਤਿ = ਸਾਲਾਹ ਦੀ ਬਾਣੀ ।
ਦਰਸਨਿ = ਦਰਸਨ ਵਿਚ, ਦਿ੍ਰਸ਼ ਵਿਚ ।
ਰੂਪਿ = ਰੂਪ ਵਿਚ, ਸੁੰਦਰਤਾ ਵਿਚ ।
ਸਬਦਿ = ਸ਼ਬਦ ਵਿਚ (ਜੁੜ ਕੇ) {ਲਫ਼ਜ਼ ‘ਸਬਦੁ’ ਅਤੇ ‘ਸਬਦਿ’ ਦੇ ਜੋੜਾਂ ਵਿਚ ਵਿਆਕਰਣਿਕ ਫ਼ਰਕ ਹੈ, ਅਰਥ ਭੀ ਵਖ ਵਖ} ।
ਅਨਾਹਦਿ = ਇਕ = ਰਸ ਵਿਚ ।
ਸਹੁ ਰਾਤਾ = ਖਸਮ = ਪ੍ਰਭੂ ਦੇ ਰੰਗ ਵਿਚ ਰੰਗਿਆ ਹੋਇਆ ।
ਵਿਚਾਰਾ = ਵਿਚਾਰ, ਖਿ਼ਆਲ ।੪ ।
    
Sahib Singh
ਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ ਤਾਂ ਉਹ ਨਾਮ-ਅੰਮਿ੍ਰਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ।੧।ਰਹਾਉ ।
(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ) ਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ ।੧ ।
ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ ।
(ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ) ।੨ ।
(ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ ।
(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ।੩ ।
ਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦਿ੍ਰੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ ।
ਨਾਨਕ (ਆਪਣਾ ਇਹ) ਖਿ਼ਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ।੪।੮ ।
Follow us on Twitter Facebook Tumblr Reddit Instagram Youtube