ਆਸਾ ਮਹਲਾ ੧ ॥
ਵਾਜਾ ਮਤਿ ਪਖਾਵਜੁ ਭਾਉ ॥
ਹੋਇ ਅਨੰਦੁ ਸਦਾ ਮਨਿ ਚਾਉ ॥
ਏਹਾ ਭਗਤਿ ਏਹੋ ਤਪ ਤਾਉ ॥
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥

ਪੂਰੇ ਤਾਲ ਜਾਣੈ ਸਾਲਾਹ ॥
ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥

ਸਤੁ ਸੰਤੋਖੁ ਵਜਹਿ ਦੁਇ ਤਾਲ ॥
ਪੈਰੀ ਵਾਜਾ ਸਦਾ ਨਿਹਾਲ ॥
ਰਾਗੁ ਨਾਦੁ ਨਹੀ ਦੂਜਾ ਭਾਉ ॥
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥

ਭਉ ਫੇਰੀ ਹੋਵੈ ਮਨ ਚੀਤਿ ॥
ਬਹਦਿਆ ਉਠਦਿਆ ਨੀਤਾ ਨੀਤਿ ॥
ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥

ਸਿਖ ਸਭਾ ਦੀਖਿਆ ਕਾ ਭਾਉ ॥
ਗੁਰਮੁਖਿ ਸੁਣਣਾ ਸਾਚਾ ਨਾਉ ॥
ਨਾਨਕ ਆਖਣੁ ਵੇਰਾ ਵੇਰ ॥
ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥

Sahib Singh
ਮਤਿ = ਸ੍ਰੇਸ਼ਟ ਬੁੱਧਿ ।
ਪਖਾਵਜੁ = ਜੋੜੀ, ਤਬਲਾ ।
ਭਾਉ = ਪ੍ਰੇਮ ।
ਅਨੰਦੁ = ਆਤਮਕ ਸੁਖ ।
ਮਨਿ = ਮਨ ਵਿਚ ।
ਭਗਤਿ = ਰਾਸ ਪਾਣੀ ।
ਤਪ ਤਾਉ = ਤਪ ਦਾ ਤਪਣਾ ।
{ਨੋਟ: = ‘ਏਹਾ’ ਅਤੇ ‘ਏਹੋ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ ।
‘ਏਹਾ’ ਵਿਸ਼ੇਸ਼ਣ ਇਸਤ੍ਰੀ = ਲਿੰਗ ਹੈ, ‘ਇਹੋ’ ਵਿਸ਼ੇਸ਼ਣ ਪੁਲਿੰਗ ਹੈ} ।
ਇਤੁ = ਇਸ ਵਿਚ ।
ਇਤੁ ਰੰਗਿ = ਇਸ ਰੰਗ ਵਿਚ, ਇਸ ਮੌਜ ਵਿਚ ।
ਰਖਿ ਰਖਿ ਪਾਉ = ਪੈਰ ਰੱਖ ਰੱਖ ਕੇ, ਜੀਵਨ-ਰਾਹ ਤੇ ਤੁਰ ਤੁਰ ਕੇ ।੧ ।
ਪੂਰੇ ਤਾਲ = ਤਾਲ ਪੂਰਦਾ ਹੈ, ਤਾਲ-ਸਿਰ ਨੱਚਦਾ ਹੈ ।
ਸਾਲਾਹ = ਪਰਮਾਤਮਾ ਦੀ ਸਿਫ਼ਤਿ-ਸਾਲਾਹ ।
ਮਨ ਮਾਹ = ਮਨ ਦੇ ਉਮਾਹ, ਮਨ ਦੇ ਚਾਉ ।੧।ਰਹਾਉ ।
ਸਤੁ = ਦਾਨ, ਸੇਵਾ ।
ਤਾਲ = ਛੈਣੇ ।
ਪੈਰੀ ਵਾਜਾ = ਘੁੰਘਰੂ ।
ਨਿਹਾਲ = ਪ੍ਰਸੰਨ ।
ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ ।੨ ।
ਫੇਰੀ = ਭੁਆਟਣੀ ।
ਚੀਤਿ = ਚਿਤ ਵਿਚ ।
ਨੀਤਾ ਨੀਤ = ਨਿੱਤ ਨਿੱਤ, ਸਦਾ ਹੀ ।
ਲੇਟਣਿ = ਲੇਟਣੀ, ਲੰਮੇ ਪੈ ਕੇ ਨਾਚ ।
ਲੇਟਿ = ਲੇਟ ਕੇ ।
ਸੁਆਹ = ਨਾਸਵੰਤ, (ਸੁਆਹ ਵਾਂਗ) ।੩ ।
ਸਿਖ ਸਭਾ = ਸਤਸੰਗ ।
ਦੀਖਿਆ = ਗੁਰੂ ਦਾ ਉਪਦੇਸ਼ ।
ਭਾਉ = ਪਿਆਰ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ ।
ਆਖਣੁ = (ਨਾਮ) ਜਪਣਾ ।
ਵੇਰਾ ਵੇਰ = ਮੁੜ ਮੁੜ ।੪ ।
    
Sahib Singh
ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ (ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ ।
ਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ ।
ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ ।
ਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕਿ੍ਰਸ਼ਨ-ਭਗਤੀ ਸਮਝਣਾ ਭੁਲੇਖਾ ਹੈ) ।੧ ।
ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ) ।
(ਰਾਸ ਆਦਿਕਾਂ ਵਿਚ ਕਿ੍ਰਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ।੧।ਰਹਾਉ ।
(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ)—ਇਹ ਦੋਵੇਂ ਛੈਣੇ ਵੱਜਣ, ਸਦਾ ਖਿੜੇ-ਮਿੱਥੇ ਰਹਿਣਾ—ਇਹ ਪੈਰੀਂ ਘੁੰਘਰੂ (ਵੱਜਣ); (ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ—ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ) ।
(ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ ।
ਬੱਸ! ਇਹ ਨਾਚ ਨੱਚੋ (ਭਾਵ, ਇਸ ਤ੍ਰਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ।੨ ।
ਉਠਦਿਆਂ ਬੈਠਦਿਆਂ ਸਦਾ ਹਰ ਵੇਲੇ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ—ਨਾਚ ਦੀ ਇਹ ਭੁਆਟਣੀ ਹੋਵੇ; ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ—ਇਹ ਲੇਟ ਕੇ ਨਿਰਤਕਾਰੀ ਹੋਵੇ ।
(ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ ।
ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ।੩ ।
ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ); ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ; ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ—ਇਸ ਰੰਗ ਵਿਚ, ਹੇਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ ।
ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ।੪।੬ ।
Follow us on Twitter Facebook Tumblr Reddit Instagram Youtube