ਆਸਾ ਮਹਲਾ ੧ ॥
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥
ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥

ਸਾਹਿਬੁ ਮੇਰਾ ਏਕੋ ਹੈ ॥
ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥

ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥

ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥

ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥

Sahib Singh
ਜੇਤਾ = ਜਿਤਨਾ ਹੀ (ਭਾਵ, ਇਹ ਸਾਰਾ) ।
ਸਬਦੁ = ਆਵਾਜ਼, ਬੋਲਣਾ ।
ਸੁਰਤਿ = ਸੁਣਨਾ ।
ਧੁਨਿ = ਜੀਵਨ = ਰੌ ।
ਧੁਨਿ ਤੇਤੀ = ਤੇਤੀ (ਤੇਰੀ) ਧੁਨਿ, ਇਹ ਸਾਰੀ ਤੇਰੀ ਹੀ ਜੀਵਨ-ਰੌ ਹੈ ।
ਰੂਪੁ = ਦਿੱਸਦਾ ਆਕਾਰ ।
ਕਾਇਆ = ਸਰੀਰ ।
ਰਸਨਾ = ਰਸ ਲੈਣ ਵਾਲਾ ।
ਆਪੇ = ਆਪ ਹੀ ।
ਬਸਨਾ = ਜ਼ਿੰਦਗੀ ।
ਕਹਉ = ਕਹਉਂ, ਮੈਂ ਆਖ ਸਕਾਂ ।
ਮਾਈ = ਹੇ ਮਾਂ !
    ੧ ।
ਏਕੋ = ਇਕ ਹੀ, ਸਿਰਫ਼ ।੧।ਰਹਾਉ ।
ਵੇਖੈ = ਸੰਭਾਲ ਕਰਦਾ ਹੈ ।
ਵਿਗਸੈ = ਖ਼ੁਸ਼ ਹੁੰਦਾ ਹੈ ।੨ ।
ਨ ਕਰਣਾ ਜਾਈ = ਕੀਤਾ ਨਹੀਂ ਜਾ ਸਕਦਾ ।
ਵਰਤੈ = ਕਾਰ ਚਲਾਂਦਾ ਹੈ ।
ਤੈਸੋ ਕਹੀਐ = ਉਹੋ ਜਿਹਾ ਉਸ ਦਾ ਨਾਮ ਰੱਖਿਆ ਜਾਂਦਾ ਹੈ ।੩।ਕਲਿ—ਕਲਿਜੁਗੀ ਸੁਭਾਉ ।
ਕਲਵਾਲੀ = ਕਲਾਲਨ, ਸ਼ਰਾਬ ਵੇਚਣ ਵਾਲੀ ।
ਮਦੁ = ਸ਼ਰਾਬ ।
ਮਤਵਾਲਾ = ਮਸਤ ।
ਬਹੁ ਭਾਂਤੀਂ = ਕਈ ਕਿਸਮਾਂ ਦੇ ।
{ਨੋਟ: = ਪਹਿਲੀ ਤੁਕ ਦਾ ਲਫ਼ਜ਼ ‘ਰੂਪੁ’ ਇਕ-ਵਚਨ ਹੈ, ਅਖ਼ੀਰਲੀ ਤੁਕ ਦਾ ਲਫ਼ਜ਼ ‘ਰੂਪ’ ਬਹੁ-ਵਚਨ ਹੈ} ।
ਬਪੁੜਾ = ਵਿਚਾਰਾ, ਆਜਿਜ਼ ।
ਏਵ = ਇਸ ਤ੍ਰਹਾਂ ।੪ ।
    
Sahib Singh
(ਹੇ ਪ੍ਰਭੂ!) (ਜਗਤ ਵਿਚ) ਇਹ ਜਿਤਨਾ ਬੋਲਣਾ ਤੇ ਸੁਣਨਾ ਹੈ (ਜਿਤਨੀ ਇਹ ਬੋਲਣ ਤੇ ਸੁਣਨ ਦੀ ਕਿ੍ਰਆ ਹੈ), ਇਹ ਸਾਰੀ ਤੇਰੀ ਹੀ ਜੀਵਨ-ਰੌ (ਦਾ ਸਦਕਾ) ਹੈ, ਇਹ ਜਿਤਨਾ ਦਿੱਸਦਾ ਆਕਾਰ ਹੈ, ਇਹ ਸਾਰਾ ਤੇਰਾ ਹੀ ਸਰੀਰ ਹੈ (ਤੇਰੇ ਆਪੇ ਦਾ ਵਿਸਥਾਰ ਹੈ) ।
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਰਸ ਲੈਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਦੀ) ਜ਼ਿੰਦਗੀ ਹੈਂ ।
ਹੇ ਮਾਂ! ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ਜਿਸ ਦੀ ਬਾਬਤ ਮੈਂ ਆਖ ਸਕਾਂ (ਕਿ ਇਹ ਹਸਤੀ ਪਰਮਾਤਮਾ ਦੇ ਬਰਾਬਰ ਦੀ ਹੈ) ।੧ ।
ਹੇ ਭਾਈ! ਪਰਮਾਤਮਾ ਹੀ ਸਾਡਾ ਇਕੋ ਇਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ, ਹੋਰ ਕੋਈ ਨਹੀਂ ਹੈ ।੧।ਰਹਾਉ ।
ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਮਾਰਦਾ ਹੈ ਆਪ ਹੀ ਰੱਖਦਾ ਹੈ ਆਪ ਹੀ (ਜਿੰਦ) ਲੈ ਲੈਂਦਾ ਹੈ ਆਪ ਹੀ (ਜਿੰਦ) ਦੇਂਦਾ ਹੈ ।
ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ (ਸੰਭਾਲ ਕਰ ਕੇ) ਖ਼ੁਸ਼ ਹੁੰਦਾ ਹੈ, ਆਪ ਹੀ (ਸਭ ਉਤੇ) ਮਿਹਰ ਦੀ ਨਜ਼ਰ ਕਰਦਾ ਹੈ ।੨ ।
(ਜਗਤ ਵਿਚ) ਜੋ ਕੁਝ ਵਰਤ ਰਿਹਾ ਹੈ ਪ੍ਰਭੂ ਆਪ ਹੀ ਕਰ ਰਿਹਾ ਹੈ (ਪ੍ਰਭੂ ਤੋਂ ਆਕੀ ਹੋ ਕੇ ਕਿਸੇ ਹੋਰ ਜੀਵ ਪਾਸੋਂ) ਕੁਝ ਕੀਤਾ ਨਹੀਂ ਜਾ ਸਕਦਾ ।
ਜਿਹੋ ਜਿਹੀ ਕਾਰ ਪ੍ਰਭੂ ਕਰਦਾ ਹੈ, ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ ।
(ਹੇ ਪ੍ਰਭੂ!) ਇਹ ਜੋ ਕੁਝ ਦਿੱਸ ਰਿਹਾ ਹੈ ਤੇਰੀ ਹੀ ਬਜ਼ੁਰਗੀ (ਦਾ ਪ੍ਰਕਾਸ਼) ਹੈ ।੩ ।
ਜਿਵੇਂ ਇਕ ਸ਼ਰਾਬ ਵੇਚਣ ਵਾਲੀ ਹੈ ਉਸ ਦੇ ਪਾਸ ਸ਼ਰਾਬ ਹੈ; ਸ਼ਰਾਬੀ ਆ ਕੇ ਨਿੱਤ ਪੀਂਦਾ ਰਹਿੰਦਾ ਹੈ ਤਿਵੇਂ ਜਗਤ ਵਿਚ ਕਲਿਜੁਗੀ ਸੁਭਾਉ ਹੈ (ਉਸ ਦੇ ਅਸਰ ਹੇਠ) ਮਾਇਆ ਮਿੱਠੀ ਲੱਗ ਰਹੀ ਹੈ, ਤੇ ਜੀਵਾਂ ਦਾ ਮਨ (ਮਾਇਆ ਵਿਚ) ਮਸਤ ਹੋ ਰਿਹਾ ਹੈ—ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਹੀ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ ।੪।੫ ।
Follow us on Twitter Facebook Tumblr Reddit Instagram Youtube