ਆਸਾ ਮਹਲਾ ੪ ॥
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ ਕੁਰਬਾਣਾ ॥੨॥

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥
ਜਿਨ ਨਿਰਭਉ ਜਿਨ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥
ਜਿਨ੍ਹ ਸੇਵਿਆ ਜਿਨ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥

Sahib Singh
ਸੋ = ਉਹ ।
ਪੁਰਖੁ = ਜੋ ਹਰੇਕ ਸਰੀਰ ਵਿਚ ਵਿਆਪਕ ਹੈ ।
ਨਿਰੰਜਨੁ = ਨਿਰ = ਅੰਜਨੁ {ਅੰਜਨ—ਕਾਲਖ, ਮਾਇਆ} ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਹੈ ।
ਅਗਮ = ਅ = ਗਮ {ਗਮ—ਪਹੁੰਚ} ਪਹੁੰਚ ਤੋਂ ਪਰੇ ।
ਅਪਾਰ = ਅ = ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ।
ਸਭਿ = ਸਾਰੇ ਜੀਵ ।
ਸਿਰਜਣਹਾਰਾ = ਹੇ ਕਰਤਾਰ !
ਦਾਤਾਰਾ = ਰਾਜ਼ਕ ।
ਠਾਕੁਰੁ = ਮਾਲਕ ।੧ ।
ਘਟ = ਸਰੀਰ ।
ਅੰਤਰਿ = ਅੰਦਰ ।
ਘਟ ਘਟ ਅੰਤਰਿ = ਹਰੇਕ ਸਰੀਰ ਦੇ ਅੰਦਰ ।
ਨਿਰੰਤਰਿ = ਅੰਦਰ ਇਕ = ਰਸ ।
ਇਕਿ = {ਪੜਨਾਂਵ ‘ਇਕ’ ਤੋਂ ਬਹੁ-ਵਚਨ} ਕਈ ਜੀਵ ।
ਚੋਜ = ਤਮਾਸ਼ੇ, ਕੌਤਕ ।
ਵਿਡਾਣਾ = ਅਸਚਰਜ ।
ਭੁਗਤਾ = ਭੋਗਣ ਵਾਲਾ, ਖਾਣ ਵਾਲਾ ।
ਆਖਿ = ਆਖ ਕੇ ।
ਵਖਾਣਾ = ਮੈਂ ਦੱਸਾਂ ।੨ ।
ਸੇ ਜਨ = ਉਹੀ ਮਨੁੱਖ {ਬਹੁ-ਵਚਨ} ।
ਜੁਗ ਮਹਿ = ਜ਼ਿੰਦਗੀ ਵਿਚ ।
ਸੁਖ ਵਾਸੀ = ਸੁਖ ਨਾਲ ਰਹਿਣ ਵਾਲੇ ।
ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ।
ਰੂਪਿ = ਰੂਪ ਵਿਚ ।
ਸਮਾਸੀ = ਲੀਨ ਹੋ ਜਾਂਦੇ ਹਨ ।
ਧੰਨੁ = ਭਾਗਾਂ ਵਾਲੇ ।੩ ।
ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ ।
ਭਗਤ = ਬੰਦਗੀ ਕਰਨ ਵਾਲੇ { ਅਪਰੰਪਰ—ਅ-ਪਰੰਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ।
ਜੇਵਡੁ = ਜੇਡਾ, ਬਰਾਬਰ ਦਾ ।
ਜੁਗੁ ਜੁਗੁ = ਹਰੇਕ ਜੁਗ ਵਿਚ ।
ਨਿਹਚਲੁ = ਨਾਹ ਹਿੱਲਣ ਵਾਲਾ, ਸਦਾ-ਥਿਰ ।
ਵਰਤੈ = ਵਰਤਦਾ ਹੈ, ਹੁੰਦਾ ਹੈ ।
ਸਿਰਜਿ = ਪੈਦਾ ਕਰ ਕੇ ।
ਗੋਈ = ਨਾਸ ਕਰ ਦਿੱਤੀ ।
ਜਾਣੋਈ = ਜਾਣਨ ਵਾਲਾ ।੫ ।
    
Sahib Singh
ਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
ਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ ਤੇ ਸਭ ਦੀ ਸਾਰ ਲੈਣ ਵਾਲਾ ਹੈਂ ।
ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ।
(ਹੇ ਪ੍ਰਭੂ!) ਸਾਰੀ ਸਿ੍ਰਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ ।
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ।੫।੨ ।
Follow us on Twitter Facebook Tumblr Reddit Instagram Youtube