ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਦੇਵਾ ਪਾਹਨ ਤਾਰੀਅਲੇ ॥
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
ਹਉ ਬਲਿ ਬਲਿ ਜਿਨ ਰਾਮ ਕਹੇ ॥੧॥

ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥

Sahib Singh
ਦੇਵਾ = ਹੇ ਦੇਵ !
    ਹੇ ਪ੍ਰਭੂ !
ਪਾਹਨ = {ਪਾ—ਾਣ} ਪੱਥਰ ।
ਤਾਰੀਅਲੇ = ਤਾਰੇ ਗਏ, ਤਾਰ ਦਿੱਤੇ, ਤਰਾ ਦਿੱਤੇ ।
{ਨੋਟ: = ਏਸ ਸ਼ਬਦ ਵਿਚ ਨਾਮਦੇਵ ਜੀ ਉਹਨਾਂ ਉਤਸ਼ਾਹ-ਭਰੀਆਂ ਤੇ ਪ੍ਰੇਮ-ਭਰੀਆਂ ਸਾਖੀਆਂ ਦਾ ਜ਼ਿਕਰ ਕਰ ਕੇ ਮਨ ਨੂੰ ਬੰਦਗੀ ਵਲ ਉਤਸ਼ਾਹ ਦਿੱਤਾ ਹੈ ਜੋ ਰਾਮਾਇਣ, ਮਹਾਭਾਰਤ ਤੇ ਪੁਰਾਣ ਆਦਿਕਾਂ ਵਿਚ ਆਉਂਦੀਆਂ ਹਨ ਤੇ ਜੋ ਆਮ ਲੋਕਾਂ ਵਿਚ ਪ੍ਰਚਲਤ ਸਨ ।
    ਰਾਮਾਇਣ ਦੀ ਇਹ ਕਹਾਣੀ ਆਮ ਪਰਸਿੱਧ ਹੈ ਕਿ ਸ੍ਰੀ ਰਾਮ ਜੀ ਨੇ ਲੰਕਾ ਵਿਚ ਅੱਪੜਨ ਲਈ ਸਮੁੰਦਰ ਉੱਤੇ ਪੁਲ ਬੰਨ੍ਹਣ ਵਾਸਤੇ ਪੱਥਰਾਂ ਉੱਤੇ ‘ਰਾਮ’ ਨਾਮ ਲਿਖਵਾਇਆ ਤੇ ਪੱਥਰ ਤਰਨ ਲੱਗ ਪਏ ।} ਕਸ ਨ—ਕਿਉਂ ਨਾ ?
    ।੧।ਰਹਾਉ ।
ਤਾਰੀਲੇ = ਤਾਰ ਦਿੱਤੀ ।
ਗਨਿਕਾ = ਵੇਸਵਾ (ਜਿਸ ਨੂੰ ਇਕ ਮਹਾਂ ਪੁਰਖ ਇਕ ਤੋਤਾ ਦੇ ਗਏ ਤੇ ਕਹਿ ਗਏ ਇਸ ਨੂੰ ਰਾਮ ਨਾਮ ਪੜ੍ਹਾਉਣਾ) ।
ਬਿਨੁ ਰੂਪ = ਰੂਪ = ਹੀਣ ।
ਕੁਬਿਜਾ = {ਕੁÊਜਾ} ਇਹ ਇਕ ਜੁਆਨ ਲੜਕੀ ਕੰਸ ਦੀ ਗੋੱਲੀ ਸੀ, ਪਰ ਹੈ ਸੀ ਕੁੱਬੀ ।
    ਜਦੋਂ ਕਿ੍ਰਸ਼ਨ ਜੀ ਤੇ ਬਲਰਾਮ ਮਥੁਰਾ ਨੂੰ ਜਾ ਰਹੇ ਸਨ, ਇਹ ਕੁਬਿਜਾ ਕੰਸ ਵਾਸਤੇ ਸੁਗੰਧੀ ਦਾ ਸਾਮਾਨ ਲਈ ਜਾਂਦੀ ਇਹਨਾਂ ਨੂੰ ਸੜਕ ਤੇ ਮਿਲੀ ।
    ਕਿ੍ਰਸ਼ਨ ਜੀ ਦੇ ਮੰਗਣ ਤੇ ਇਸ ਨੇ ਕੁਝ ਅਤਰ ਆਦਿਕ ਇਹਨਾਂ ਨੂੰ ਭੀ ਦੇ ਦਿੱਤਾ ।
    ਇਸ ਤੇ ਕਿ੍ਰਸ਼ਨ ਜੀ ਨੇ ਪ੍ਰਸੰਨ ਹੋ ਕੇ ਇਸ ਦਾ ਕੁੱਬ ਦੂਰ ਕਰ ਦਿੱਤਾ, ਜਿਸ ਕਰਕੇ ਉਹ ਬੜੀ ਸੁੰਦਰ ਕੁਮਾਰੀ ਦਿੱਸਣ ਲਗ ਪਈ ।
ਬਿਆਧਿ = ਰੋਗ ( = ਗ੍ਰਸਤ), ਵਿਕਾਰਾਂ ਵਿਚ ਪ੍ਰਵਿਰਤ ।
ਬਧਿਕ = ਨਿਸ਼ਾਨਾ ਮਾਰਨ ਵਾਲਾ (ਸ਼ਿਕਾਰੀ) ।
ਚਰਨ ਬਧਿਕ = ਉਹ ਸ਼ਿਕਾਰੀ (ਜਿਸ ਨੇਹਰਨ ਦੇ ਭੁਲੇਖੇ ਕਿ੍ਰਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਿਆ ।
ਬਲਿ ਬਲਿ = ਸਦਕੇ ।੧ ।
ਦਾਸੀ ਸੁਤ = ਗੋੱਲੀ ਦਾ ਪੁੱਤਰ ।
ਜਨੁ = (ਤੇਰਾ) ਭਗਤ ।
ਬਿਦਰੁ = {ਬਿਦੁਰ} ਵਿਆਸ ਦੀ ਅਸ਼ੀਰਵਾਦ ਨਾਲ ਗੋੱਲੀ ਦੇ ਪੇਟੋਂ ਜੰਮਿਆ ਪੁੱਤਰ ਪਾਂਡੂ ਦਾ ਛੋਟਾ ਭਰਾ, ਇਹ ਕਿ੍ਰਸ਼ਨ ਜੀ ਦਾ ਭਗਤ ਸੀ ।
ਸੁਦਾਮਾ = {ਸੁਦਾਮਨੱ} ਇਕ ਬਹੁਤ ਹੀ ਗਰੀਬ ਬ੍ਰਾਹਮਣ ਕਿ੍ਰਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ ।
    ਆਪਣੀ ਵਹੁਟੀ ਦੀ ਪ੍ਰੇਰਨਾ ਤੇ ਇਕ ਮੁਠ ਚਾਵਲ ਲੈ ਕੇ ਇਹ ਕਿ੍ਰਸ਼ਨ ਜੀ ਪਾਸ ਦਵਾਰਕਾ ਹਾਜ਼ਰ ਹੋਇਆ ਤੇ ਉਹਨਾਂ ਇਸ ਨੂੰ ਮਿਹਰ ਦੀ ਨਜ਼ਰ ਨਾਲ ਅਮੁੱਕ ਧਨ ਤੇ ਸੋਭਾ ਬਖ਼ਸ਼ੀ ।
ਉਗ੍ਰਸੈਨ = ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ; ਸ੍ਰੀ ਕਿ੍ਰਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ ।
ਕ੍ਰਮ ਹੀਨ = ਕਰਮ = ਹੀਨ ।
ਤੇਊ = ਉਹ ਸਾਰੇ ।੨ ।
    
Sahib Singh
ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ ‘ਰਾਮ’ ਨਾਮ ਲਿਖਿਆ ਗਿਆ ਸੀ; ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ ?
।ਰਹਾਉ ।
ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ, (ਕਿ੍ਰਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ ।
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ।੧ ।
ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ ।
ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ।੨।੧ ।

ਨੋਟ: ਇਸ ਸ਼ਬਦ ਵਿਚ ਜਿਨ੍ਹਾਂ ਸਾਖੀਆਂ ਵਲ ਇਸ਼ਾਰਾ ਹੈ ਉਹ ਸ੍ਰੀ ਰਾਮ ਚੰਦਰ ਅਤੇ ਕਿ੍ਰਸ਼ਨ ਜੀ ਦੋਹਾਂ ਨਾਲ ਸੰਬੰਧ ਰੱਖਦੀਆਂ ਹਨ, ਇਸ ਤੋਂ ਸਾਫ਼ ਪ੍ਰਤੱਖ ਹੈ ਕਿ ਨਾਮਦੇਵ ਜੀ ਇਹਨਾਂ ਵਿਚੋਂ ਕਿਸੇ ਖ਼ਾਸ ਇੱਕ ਦੇ ਅਵਤਾਰ-ਰੂਪ ਪੁਜਾਰੀ ਨਹੀਂ ਸਨ ।
ਇਹਨਾਂ ਦੀ ਰਾਹੀਂ ਤਰੇ ਭਗਤਾਂ ਨੂੰ ਪਰਮਾਤਮਾ ਦੀ ਮਿਹਰ ਦਾ ਪਾਤਰ ਸਮਝਦੇ ਸਨ; ਤਾਹੀਏਂ ਆਖਦੇ ਹਨ—‘ਹਉ ਬਲਿ ਬਲਿ ਜਿਨ ਰਾਮ ਕਹੇ’ ।

ਭਾਵ:- ਸਿਮਰਨ ਦੀ ਵਡਿਆਈ—ਬੜੇ ਬੜੇ ਕੁਕਰਮੀ ਤੇ ਨੀਚ-ਕੁਲ ਬੰਦੇ ਭੀ ਤਰ ਜਾਂਦੇ ਹਨ ।
Follow us on Twitter Facebook Tumblr Reddit Instagram Youtube