ਚਉਦਸਿ ਚਉਦਹ ਲੋਕ ਮਝਾਰਿ ॥
ਰੋਮ ਰੋਮ ਮਹਿ ਬਸਹਿ ਮੁਰਾਰਿ ॥
ਸਤ ਸੰਤੋਖ ਕਾ ਧਰਹੁ ਧਿਆਨ ॥
ਕਥਨੀ ਕਥੀਐ ਬ੍ਰਹਮ ਗਿਆਨ ॥੧੫॥

Sahib Singh
ਚਉਦਸਿ = ਚਉਦੇਂ ਦੀ ਥਿੱਤ, ਮੱਸਿਆ ਤੋਂ ਪਿਛੋਂ ਚੌਧਵੀਂ ਰਾਤ ।
ਚਉਦਹ ਲੋਕ = ਸੱਤ ਅਕਾਸ਼ ਅਤੇ ਸੱਤ ਪਤਾਲ; (ਭਾਵ) ਸਾਰੀ ਸਿ੍ਰਸ਼ਟੀ ।
ਮਝਾਰਿ = ਵਿਚ ।
ਰੋਮ ਰੋਮ ਮਹਿ = ਚੌਦ੍ਹਾਂ ਲੋਕਾਂ ਦੇ ਰੋਮ ਰੋਮ ਵਿਚ, ਸਾਰੀ ਸਿ੍ਰਸ਼ਟੀ ਦੇ ਜ਼ੱਰੇ ਜ਼ੱਰੇ ਵਿਚ ।
ਬਸਹਿ = ਵੱਸਦੇ ਹਨ (ਪ੍ਰਭੂ ਜੀ) ।
ਮੁਰਾਰਿ = (ਮੁਰ = ਅਰਿ) ਮੁਰ ਦੈਂਤ ਦਾ ਵੈਰੀ, ਪ੍ਰਭੂ ।
ਕਥਨੀ ਕਥੀਐ = (ਉਹ) ਗੱਲਾਂ ਕਰੀਏ, (ਉਹ) ਬੋਲ ਬੋਲੀਏ ।
ਬ੍ਰਹਮ ਗਿਆਨ = (ਜਿਨ੍ਹਾਂ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਹੋ ਜਾਏ, ਪਰਮਾਤਮਾ ਦੀ (ਸਰਬ-ਵਿਆਪਕਤਾ ਦੀ) ਸੂਝ ਪੈਦਾ ਹੋਵੇ ।
ਸਤ = ਦਾਨ, ਦੂਜਿਆਂ ਦੀ ਸੇਵਾ ।
ਸੰਤੋਖ = ਸਬਰ, ਉਸ ਦੀ ਬਖ਼ਸ਼ੀ ਦਾਤ ਵਿਚ ਰਾਜ਼ੀ ਰਹਿਣਾ ।
ਸਤ...ਧਿਆਨ = ਸਤ ਅਤੇ ਸੰਤੋਖ ਨੂੰ ਆਪਣੇ ਅੰਦਰ ਟਿਕਾਉ; ਇਹ ਵੇਖ ਕੇ ਕਿ ਪਰਮਾਤਮਾ ਹਰੇਕ ਘਟ ਵਿਚ ਵੱਸਦਾ ਹੈ ।
    ਜੋ ਬਖ਼ਸ਼ਸ਼ ਤੁਹਾਡੇ ਉੱਤੇ ਹੋਈ ਹੈ ਉਸ ਵਿਚ ਰਾਜ਼ੀ ਰਹੋ ਅਤੇ ਇਸ ਦਾਤ ਵਿਚੋਂ ਪ੍ਰਭੂ ਦੇ ਪੈਦਾ ਕੀਤੇ ਹੋਏ ਹੋਰ ਜੀਵਾਂ ਦੀ ਭੀ ਸੇਵਾ ਕਰੋ, ਕਿਉਂਕਿ ਸਭ ਵਿਚ ਉਹੀ ਵੱਸ ਰਿਹਾ ਹੈ, ਜੋ ਤੁਹਾਨੂੰ ਰੋਜ਼ੀ ਦੇ ਰਿਹਾ ਹੈ ।
    
Sahib Singh
(ਹੇ ਭਾਈ!) ਪ੍ਰਭੂ ਜੀ ਸਾਰੀ ਸਿ੍ਰਸ਼ਟੀ ਵਿਚ ਸਿ੍ਰਸ਼ਟੀ ਦੇ ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ ।
ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ।
(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ ।੧੫ ।
Follow us on Twitter Facebook Tumblr Reddit Instagram Youtube