ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ ॥
ਤਾ ਕਾਰਣਿ ਬਿਆਪੈ ਬਹੁ ਸੋਗੁ ॥
ਲਖਿਮੀ ਬਰ ਸਿਉ ਜਉ ਲਿਉ ਲਾਵੈ ॥
ਸੋਗੁ ਮਿਟੈ ਸਭ ਹੀ ਸੁਖ ਪਾਵੈ ॥੪੩॥

Sahib Singh
ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ ।
ਕਰਤ ਫਿਰੈ = ਕਰਦਾ ਫਿਰਦਾ ਹੈ ।
ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ ।
ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ ।
ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ ।
ਸੋਗੁ = ਗ਼ਮ, ਫ਼ਿਕਰ ।
ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ ।
ਸਿਉ = ਨਾਲ ।
ਲਿਉ = ਲਿਵ, ਪ੍ਰੇਮ ।੪੩ ।
    
Sahib Singh
ਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ ।
ਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ ।
ਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ ਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ।੪੩ ।
Follow us on Twitter Facebook Tumblr Reddit Instagram Youtube