ਸਸਾ ਸੋ ਨੀਕਾ ਕਰਿ ਸੋਧਹੁ ॥
ਘਟ ਪਰਚਾ ਕੀ ਬਾਤ ਨਿਰੋਧਹੁ ॥
ਘਟ ਪਰਚੈ ਜਉ ਉਪਜੈ ਭਾਉ ॥
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥੩੯॥

Sahib Singh
ਸੋ = ਉਸ ਪ੍ਰਭੂ ਨੂੰ ।
ਨੀਕਾ ਕਰਿ = ਚੰਗੀ ਤ੍ਰਹਾਂ ।
ਸੋਧਹੁ = ਸੰਭਾਲ ਕਰੋ, ਯਾਦ ਕਰੋ ।
ਪਰਚਾ = (ਸਕਟ. ਪਰਿਚਯ) ਮਿੱਤ੍ਰਤਾ, ਸਾਂਝ ।
ਬਾਤ = ਗੱਲਾਂ ।
ਨਿਰੋਧਹੁ = ਰੋਕੋ, ਟਿਕਾਓ ।
ਘਟ = ਹਿਰਦਾ, ਮਨ ।
ਜਉ = ਜਦੋਂ ।
ਭਾਉ = ਪਿਆਰ ।
ਤਹ = ਉਸ ਅਵਸਥਾ ਵਿਚ ।
ਤਿ੍ਰਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ।੩੯ ।
    
Sahib Singh
ਚੰਗੀ ਤ੍ਰਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ ।
ਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ ।
ਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ ਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ।੩੯ ।
Follow us on Twitter Facebook Tumblr Reddit Instagram Youtube