ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
ਨਾ ਨਿਵੈ ਨਾ ਫੁਨਿ ਸੰਚਰੈ ॥
ਧੰਨਿ ਜਨਮੁ ਤਾਹੀ ਕੋ ਗਣੈ ॥
ਮਾਰੈ ਏਕਹਿ ਤਜਿ ਜਾਇ ਘਣੈ ॥੨੧॥

Sahib Singh
ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ) ।
ਰੂਤਉ = ਰੁੱਝਾ ਹੋਇਆ ।
ਨੇਹੀ = {ਸੰ: ਨਹ, ਨਹ, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ ।
ਨਿਵੈ = ਨਿਵਦਾ ਹੈ, ਨੀਊਂਦਾ ਹੈ ।
ਨਾ ਫੁਨਿ = ਨਾਹ ਹੀ ।
ਸੰਚਰੈ = {ਸੰ: ਸੰ+ਚਰੈ—ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ ।
ਧੰਨਿ = ਮੁਬਾਰਿਕ, ਭਾਗਾਂ ਵਾਲਾ ।
ਤਾਹੀ ਕੋ = ਉਸੇ (ਮਨੁੱਖ) ਦਾ ਹੀ ।
ਗਣੈ = (ਜਗਤ) ਗਿਣਦਾ ਹੈ ।
ਏਕਹਿ = ਇਕ (ਮਨ ਨੂੰ) ।
ਤਜਿ ਜਾਇ = ਛੱਡ ਦੇਂਦਾ ਹੈ ।
ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ।੨੧ ।
    
Sahib Singh
(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ ਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ, ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ, ਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ।੨੧ ।
Follow us on Twitter Facebook Tumblr Reddit Instagram Youtube