ਡਡਾ ਡਰ ਉਪਜੇ ਡਰੁ ਜਾਈ ॥
ਤਾ ਡਰ ਮਹਿ ਡਰੁ ਰਹਿਆ ਸਮਾਈ ॥
ਜਉ ਡਰ ਡਰੈ ਤਾ ਫਿਰਿ ਡਰੁ ਲਾਗੈ ॥
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥

Sahib Singh
ਉਪਜੇ = ਪੈਦਾ ਹੋ ਜਾਏ ।
ਜਾਈ = ਦੂਰ ਹੋ ਜਾਂਦਾ ਹੈ ।
ਤਾ ਡਰ ਮਹਿ = ਉਸ ਡਰ ਵਿਚ ।
ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ ।
ਜਉ = ਜੇ ।
ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ ।
ਤ ਫਿਰਿ = ਤਾਂ ਮੁੜ ।
ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ ।
ਨਿਡਰੁ = ਨਿਰਭਉ ।
ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ ।
ਉਰ = ਹਿਰਦਾ ।੧੯ ।
    
Sahib Singh
ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ ।
(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ।੧੯ ।
Follow us on Twitter Facebook Tumblr Reddit Instagram Youtube