ਝਝਾ ਉਰਝਿ ਸੁਰਝਿ ਨਹੀ ਜਾਨਾ ॥
ਰਹਿਓ ਝਝਕਿ ਨਾਹੀ ਪਰਵਾਨਾ ॥
ਕਤ ਝਖਿ ਝਖਿ ਅਉਰਨ ਸਮਝਾਵਾ ॥
ਝਗਰੁ ਕੀਏ ਝਗਰਉ ਹੀ ਪਾਵਾ ॥੧੫॥

Sahib Singh
ਜਾਨਾ = ਜਾਣਿਆ, ਸਮਝਿਆ, ਸਿੱਖਿਆ ।
ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ ।
ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ ।
ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ ।
ਪਰਵਾਨਾ = ਕਬੂਲ ।
ਕਤ = ਕਿਥੇ ?
    ਕਿਸ ਅਰਥ ?
ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ ।
ਸਮਝਾਵਾ = ਮੱਤਾਂ ਦੇਂਦਾ ਰਿਹਾ ।
ਝਗਰੁ = ਬਹਿਸ, ਚਰਚਾ ।
ਪਾਵਾ = ਪਾਇਆ, ਲੱਭਾ ।
ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ ।੧੫ ।
    
Sahib Singh
ਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ, ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ ।
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ ?
ਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ।੧੫ ।
Follow us on Twitter Facebook Tumblr Reddit Instagram Youtube