ਘਘਾ ਘਟਿ ਘਟਿ ਨਿਮਸੈ ਸੋਈ ॥
ਘਟ ਫੂਟੇ ਘਟਿ ਕਬਹਿ ਨ ਹੋਈ ॥
ਤਾ ਘਟ ਮਾਹਿ ਘਾਟ ਜਉ ਪਾਵਾ ॥
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥

Sahib Singh
ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ ।
ਘਟਿ ਘਟਿ = ਹਰੇਕ ਘਟ ਵਿਚ ।
ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ ।
ਸੋਈ = ਉਹ (ਪ੍ਰਭੂ) ਹੀ ।
ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ ।
ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ ।
{ਨੋਟ: = ਪਹਿਲੀ ਤੁਕ ਵਿਚ ਦਾ ਲਫ਼ਜ਼ ‘ਘਟਿ’ ਵਿਆਕਰਣ ਅਨੁਸਾਰ ‘ਨਾਂਵ’ ਹੈ, ‘ਅਧਿਕਰਨ ਕਾਰਕ’; ਦੂਜੀ ਤੁਕ ਵਿਚ ਦਾ ਲਫ਼ਜ਼ “ਘਟਿ” ਲਫ਼ਜ਼ ‘ਹੋਈ’ ਨਾਲ ਮਿਲ ਕੇ ‘ਕਿ੍ਰਆ’ ਹੈ} ।
ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ ।
ਜਉ = ਜੇ, ਜਦੋਂ ।
ਪਾਵਾ = ਪਾ ਲਿਆ, ਲੱਭ ਲਿਆ ।
ਅਵਘਟ = {ਸੰ: ਅਵਘੱਟ} ਖੱਡ ।
ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ-ਜੀਵੀ—ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ} ।
ਕਤ = ਕਿੱਥੇ ?
ਧਾਵਾ = ਧਾਉਂਦਾਹੈ, ਦੌੜਦਾ ਹੈ ।
ਕਤ ਧਾਵਾ = ਕਿੱਥੇ ਦੌੜਦਾ ਹੈ ?
    (ਭਾਵ) ਕਿਤੇ ਨਹੀਂ ਭਟਕਦਾ ।੧੦ ।
    
Sahib Singh
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ ।
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ ।
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ, ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ।੧੦ ।
Follow us on Twitter Facebook Tumblr Reddit Instagram Youtube