ਖਖਾ ਇਹੈ ਖੋੜਿ ਮਨ ਆਵਾ ॥
ਖੋੜੇ ਛਾਡਿ ਨ ਦਹ ਦਿਸ ਧਾਵਾ ॥
ਖਸਮਹਿ ਜਾਣਿ ਖਿਮਾ ਕਰਿ ਰਹੈ ॥
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥

Sahib Singh
ਨੋਟ: = ਕਈ ਰੁੱਖਾਂ ਦੇ ਟਾਹਣ ਅੰਦਰੋਂ ਪੋਲੇ ਹੋ ਜਾਂਦੇ ਹਨ ਤੇ ਉਹਨਾਂ ਵਿਚ ਖੋੜਾਂ (ਖ਼ਾਲੀ ਪੋਲੇ ਥਾਂ) ਬਣ ਜਾਂਦੀਆਂ ਹਨ ।
    ਇਹਨਾਂ ਖੋੜਾਂ ਵਿਚ ਪੰਛੀ ਰਹਿਣ ਲੱਗ ਪੈਂਦੇ ਹਨ ।
    ਪੇਟ ਭਰਨ ਲਈ ਸਾਰਾ ਦਿਨ ਬਾਹਰ ਦੂਰ ਦੂਰ ਉਡਦੇ ਫਿਰਦੇ ਹਨ, ਪਰ ਰਾਤ ਨੂੰ ਮੁੜ ਉਸ ਖੋੜ ਵਿਚ ਆ ਟਿਕਦੇ ਹਨ ।
ਇਹ ਮਨੁੱਖਾ = ਸਰੀਰ ਮਨ ਨੂੰ ਰਹਿਣ ਲਈ ਖੋੜ ਮਿਲੀ ਹੋਈ ਹੈ, ਪਰ ਇਹ ਮਨ-ਪੰਛੀ ਮਾਇਆ ਦੇ ਮੋਹ ਕਰਕੇ ਹਰ ਵੇਲੇ ਬਾਹਰ ਹੀ ਭਟਕਦਾ ਫਿਰਦਾ ਹੈ ।
ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ-ਕਿਰਨ ਪ੍ਰਾਪਤ ਹੋ ਚੁੱਕੀ ਹੈ ।
ਖੋੜਿ = ਅੰਤਰ = ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ ।
ਆਵਾ = ਆਉਂਦਾ ਹੈ ।
ਦਹ ਦਿਸ = ਦਸੀਂ ਪਾਸੀਂ ।
ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ ।
ਖਸਮਹਿ = ਖਸਮ = ਪ੍ਰਭੂ ਨੂੰ ।
ਜਾਣਿ = ਜਾਣ ਕੇ, ਪਛਾਣ ਕੇ ।
ਖਿਮਾਕਰਿ = {ਖਿਮਾ+ਆਕਰਿ ।
ਆਕਰ = ਖਾਣ, ਸੋਮਾ ।
ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ} ।
    ਖਿਮਾ ਦੇ ਸੋਮੇ ਪਰਮਾਤਮਾ ਵਿਚ ।
ਰਹੈ = ਟਿਕਿਆ ਰਹਿੰਦਾ ਹੈ ।
ਨਿਖਿਅਉ = {ਨਿ = ਖਿਅਉ ।
ਖਿਅਉ = ਖੈ, ਨਾਸ ।
ਨਿ = ਬਿਨਾ} ਨਾਸ = ਰਹਿਤ ।
ਅਖੈ = {ਅ = ਖੈ} ਨਾਸ-ਰਹਿਤ ।
ਪਦੁ = ਦਰਜਾ, ਪਦਵੀ ।
ਲਹੈ = ਹਾਸਲ ਕਰ ਲੈਂਦਾ ਹੈ ।੮ ।
    
Sahib Singh
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ ।
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ, ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ।੮ ।
Follow us on Twitter Facebook Tumblr Reddit Instagram Youtube