ਕਕਾ ਕਿਰਣਿ ਕਮਲ ਮਹਿ ਪਾਵਾ ॥
ਸਸਿ ਬਿਗਾਸ ਸੰਪਟ ਨਹੀ ਆਵਾ ॥
ਅਰੁ ਜੇ ਤਹਾ ਕੁਸਮ ਰਸੁ ਪਾਵਾ ॥
ਅਕਹ ਕਹਾ ਕਹਿ ਕਾ ਸਮਝਾਵਾ ॥੭॥

Sahib Singh
ਨੋਟ: = ਸੂਰਜ ਚੜ੍ਹਨ ਤੇ ਕੌਲ ਫੁੱਲ ਖਿੜਦਾ ਹੈ, ਤੇ ਰਾਤ ਵੇਲੇ ਚੰਦ੍ਰਮਾ ਚੜਿ੍ਹਆਂ ਫਿਰ ਮੀਟਿਆ ਜਾਂਦਾ ਹੈ ।
    ਕੌਲ ਫੁੱਲ ਦਿਨੇ ਖਿੜਦੇ ਹਨ ਤੇ ਕੰਮੀਆਂ ਰਾਤ ਨੂੰ ਖਿੜਦੀਆਂ ਹਨ ।
ਕਕਾ = ਕੱਕਾ ਅੱਖਰ ।
ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ ।
ਪਾਵਾ = ਜੇ ਮੈਂ ਪਾ ਲਵਾਂ ।
ਕਮਲ ਮਹਿ = ਹਿਰਦੇ = ਰੂਪ ਕੌਲ ਫੁੱਲ ਵਿਚ ।
ਸਸਿ = ਚੰਦ੍ਰਮਾ ।
ਬਿਗਾਸ = ਚਾਨਣ ।
ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ ।
ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ ।
ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ ।
ਅਰੁ = ਅਤੇ ।
ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ ।
ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ ।
ਪਾਵਾ = ਪਾ ਲਵਾਂ ।
ਅਕਹ = {ਅ = ਕਹ} ਬਿਆਨ ਤੋਂ ਬਾਹਰ ।
ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ ।
ਕਹਿ = ਕਹਿ ਕੇ ।
ਕਾ = ਕੀਹ ?
    ।੭ ।
    
Sahib Singh
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ, ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ ।
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ, ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ ।
ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ ?
।੭ ।
Follow us on Twitter Facebook Tumblr Reddit Instagram Youtube