ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥

Sahib Singh
ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ—ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ ।
    ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ ।
ਕਾਰਨੇ = ਵਾਸਤੇ ।
ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ ।
ਸਮਝਾਵਨ ਕਾਰਨੇ = ਸਮਝਾਣ ਵਾਸਤੇ ।
ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ।੫ ।
    
Sahib Singh
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ; ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ ।੫ ।

ਨੋਟ: ਇਥੋਂ ਤਕ ਕਬੀਰ ਜੀ ਉਥਾਨਕਾ ਜਿਹੀ ਬੰਨ੍ਹਦੇ ਹਨ ਕਿ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਲਫ਼ਜ਼ਾਂ ਨਾਲ ਬਿਆਨ ਨਹੀਂ ਹੋ ਸਕਦੀ; ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਚੁਕਦਾ ਹੈ, ਤੇ ਜੇ ਉਸ ਮਿਲਾਪ ਦੇ ਅਨੰਦ ਨੂੰ ਥੋੜ੍ਹਾ ਬਹੁਤ ਬਿਆਨ ਕਰਨ ਦਾ ਜਤਨ ਭੀ ਕਰੇ ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆਂ ਉਸ ਅਨੰਦ ਦੀ ਸਮਝ ਨਹੀਂ ਆ ਸਕਦੀ ।
ਹਾਂ; ਜੋ ਮਨ ਉਸ ਮੇਲ-ਅਵਸਥਾ ਵਿਚ ਅੱਪੜਣ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ, ਉਸ ਵਿਚੋਂ ਮੇਰ-ਤੇਰ ਮਿਟ ਜਾਂਦੀ ਹੈ; ਤੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ ਗੁਰੂ ਦਾ ਗਿਆਨ ਪ੍ਰਾਪਤ ਕੀਤਿਆਂ, ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਿਆਂ ।
ਗੁਰੂ ਦੇ ਦੱਸੇ ਉਹ ਪੂਰਨੇ ਕਿਹੜੇ ਹਨ ?
ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀਹ ਹੈ?—ਇਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪਉੜੀਆਂ ਵਿਚ ਕਰਦੇ ਹਨ ।
Follow us on Twitter Facebook Tumblr Reddit Instagram Youtube